ਅੰਮ੍ਰਿਤਸਰ, 21 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਲੰਬੀ ਹੇਕ ਲਈ ਜਾਣੀ ਜਾਂਦੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ (77) ਦਾ ਦੇਹਾਂਤ ਹੋ ਗਿਆ ਹੈ। ਗੁਰਮੀਤ ਬਾਵਾ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲ ਚੁੱਕੇ ਹਨ। ਉਨ੍ਹਾਂ ਦਾ ਸਸਕਾਰ ਸੋਮਵਾਰ ਨੂੰ ਸ਼ਹੀਦਾ ਸਾਹਬ ਨੇੜੇ ਸ਼ਮਸ਼ਾਨਘਾਟ ‘ਚ ਸਵੇਰੇ 11 ਵਜੇ ਹੋਵੇਗਾ। ਪੰਜਾਬੀ ਲੋਕ ਗਾਇਕੀ ‘ਚ 45 ਸੈਕੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਦੀ ਸ਼ੈਲੀ ‘ਚ ਸੁਹਾਗ,ਘੋੜੀਆਂ, ਸਿੱਠਣੀਆਂ ਵਰਗੇ ਲੋਕ ਰੰਗ ਸ਼ਾਮਿਲ ਹਨ। ਲੋਕ ਗੀਤਾਂ ਨੂੰ ਸਦੀਵੀਂ ਜਿਊਂਦਾ ਰੱਖਣ ਵਾਲ਼ੀ ਗਾਇਕਾ ਨੂੰ ਤਾਉਮਰ ਯਾਦ ਰੱਖਿਆ ਜਾਵੇਗਾ। ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਬਾ ਸਮਾਂ ਸੇਵਾ ਕੀਤੀ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।