ਨਵੀਂ ਦਿੱਲੀ, 10 ਫਰਵਰੀ – ਨਿਊਜ਼ਲਾਈਨ ਐਕਸਪ੍ਰੈੱਸ ਬਿਊਰੋ – ਕਾਂਗਰਸ ਨੇਤਾਵਾਂ ‘ਤੇ ਤਿੰਨ ਸਰਕਾਰੀ ਰਿਹਾਇਸ਼ਾਂ ਦੇ ਲੱਖਾਂ ਰੁਪਏ ਵਜੋਂ ਕਿਰਾਇਆ ਬਕਾਇਆ ਹੈ। ਇਸ ਵਿੱਚ ਸੋਨੀਆ ਗਾਂਧੀ ਦਾ ਸਰਕਾਰੀ ਘਰ ਤੇ ਕਾਂਗਰਸ ਦਾ ਮੁੱਖ ਦਫਤਰ ਵੀ ਸ਼ਾਮਲ ਹੈ। ਇਹ ਖੁਲਾਸਾ ਇੱਕ ਆਰਟੀਆਈ ਜਵਾਬ ਵਿੱਚ ਹੋਇਆ ਹੈ। ਸੋਨੀਆ ਗਾਂਧੀ ਸਮੇਤ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਵਰਤੀਆਂ ਜਾਂਦੀਆਂ ਜਾਇਦਾਦਾਂ ਦੇ ਕਿਰਾਏ ਦਾ ਲੰਬੇ ਸਮੇਂ ਤੋਂ ਭੁਗਤਾਨ ਨਹੀਂ ਕੀਤਾ ਗਿਆ। ਆਰਟੀਆਈ ਕਾਰਕੁੰਨ ਸੁਜੀਤ ਪਟੇਲ ਵੱਲੋਂ ਦਾਇਰ ਆਰਟੀਆਈ ਮੁਤਾਬਕ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਦਿੱਤੇ ਗਏ ਜਵਾਬ ‘ਚ ਦਿੱਲੀ ਦੇ ਅਕਬਰ ਰੋਡ ‘ਤੇ ਸਥਿਤ ਕਾਂਗਰਸ ਦੇ ਮੁੱਖ ਦਫਤਰ ਦਾ 12,69,902 ਰੁਪਏ ਦਾ ਕਿਰਾਇਆ ਬਕਾਇਆ ਹੈ। ਪਿਛਲੀ ਵਾਰ ਇਸ ਦਾ ਕਿਰਾਇਆ ਦਸੰਬਰ-2012 ਵਿੱਚ ਭਰਿਆ ਗਿਆ ਸੀ। ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਰੋਡ ਦਾ 4610 ਰੁਪਏ ਦਾ ਕਿਰਾਇਆ ਬਕਾਇਆ ਹੈ। ਇਸ ਦਾ ਕਿਰਾਇਆ ਆਖਰੀ ਵਾਰ ਸਤੰਬਰ-2020 ਵਿੱਚ ਭਰਿਆ ਗਿਆ ਸੀ। ਇਸ ਦੇ ਨਾਲ ਹੀ, ਨਵੀਂ ਦਿੱਲੀ ਦੇ ਚਾਣਕਯਪੁਰੀ ਵਿੱਚ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਵਿੰਸੇਂਟ ਜਾਰਜ ਦੇ ਬੰਗਲੇ ਨੰਬਰ- ਸੀ-11/109 ‘ਤੇ 507911 ਰੁਪਏ ਬਕਾਇਆ ਹਨ। ਇਸ ਦੇ ਕਿਰਾਏ ਦਾ ਭੁਗਤਾਨ ਆਖਰੀ ਵਾਰ ਅਗਸਤ 2013 ਵਿੱਚ ਕੀਤਾ ਗਿਆ ਸੀ।