ਬੁਰੇ ਫਸੇ ਮੁੱਖ ਮੰਤਰੀ ਚੰਨੀ; ਚੌਪਰ ਨੂੰ ਵੀ ਨਹੀਂ ਮਿਲਿਆ ਰਾਹ
–ਚੰਨੀ ਨੇ ਕਿਹਾ, “ਮੈਂ ਸੀਐਮ ਹਾਂ, ਅੱਤਵਾਦੀ ਨਹੀਂ”
ਚੰਡੀਗੜ੍ਹ, 14 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੌਪਰ ਨੂੰ ਬੀਤੇ ਦਿਨੀਂ 2 ਵਾਰ ਉਡਾਣ ਭਰਨ ਤੋਂ ਰੋਕਿਆ ਗਿਆ। ਉਨ੍ਹਾਂ ਨੇ ਕਿਹਾ ਕਿ, “ਮੈਂ ਸੀਐਮ ਹਾਂ ਅੱਤਵਾਦੀ ਨਹੀਂ। ਇਹ ਕੋਝੀਆਂ ਹਰਕਤਾਂ ਹਨ। ਨੋ ਫਲਾਇੰਗ ਜ਼ੋਨ ਦਾ ਬਹਾਨਾ ਲਾ ਕੇ ਮੈਨੂੰ ਰਾਹੁਲ ਗਾਂਧੀ ਦੀਆਂ ਰੈਲੀਆਂ ਵਿਚ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸਡ਼ਕੀ ਮਾਰਗ ਰਾਹੀਂ ਜਲੰਧਰ ਪਹੁੰਚਣਗੇ।“ ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਉਡਾਣ ਭਰਨ ਦੀ ਇਜਾਜ਼ਤ ਪਹਿਲਾਂ ਤੋਂ ਹੀ ਮਿਲੀ ਹੋਈ ਸੀ ਪਰ ਐਨ ਮੌਕੇ ’ਤੇ ਪਹਿਲਾਂ ਚੰਡੀਗਡ਼੍ਹ ਤੋਂ ਹੁਸ਼ਿਆਰਪੁਰ ਆਉਣ ਤੋਂ ਰੋਕ ਦਿੱਤਾ ਗਿਆ। ਕਾਫੀ ਲੰਬੇ ਸਮੇਂ ਬਾਅਦ ਜਦੋਂ ਇਜਾਜ਼ਤ ਮਿਲੀ ਤਾਂ ਮੈਂ ਸੁਜਾਨਪੁਰ ਪਹੁੰਚਿਆ। ਹੁਣ ਸੁਜਾਨਪੁਰ ਤੋਂ ਉਡਾਣ ਭਰਨ ਲਈ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ 6 ਵਜੇ ਤੱਕ ਕਿਸੇ ਵੀ ਹਾਲਤ ਵਿਚ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਲਈ ਹੁਣ ਸਡ਼ਕੀ ਮਾਰਗ ਰਾਹੀਂ ਜਲੰਧਰ ਜਾ ਰਿਹਾ ਹਾਂ।“
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਕਾਰਨ ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਚੰਡੀਗੜ੍ਹ ਤੋਂ ਉਡਾਣ ਨਹੀਂ ਭਰਨ ਦਿੱਤੀ ਗਈ ਜਿਸ ਕਾਰਨ ਉਹ ਹੁਸ਼ਿਆਰਪੁਰ ‘ਚ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ‘ਚ ਸ਼ਾਮਲ ਨਹੀਂ ਹੋ ਸਕੇ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਲਈ ਏਅਰਪੋਰਟ ਅਥਾਰਟੀ ਨੇ ਨੋ ਫਲਾਇੰਗ ਜ਼ੋਨ ਐਲਾਨਿਆ ਹੋਇਆ ਸੀ। ਹਾਲਾਂਕਿ ਚੰਨੀ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਲਈ ਡੀਜੀਐੱਸਸੀ ਵੱਲੋਂ ਇਜਾਜ਼ਤ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ।