???? ਪਟਿਆਲਾ ਜ਼ਿਲ੍ਹੇ ‘ਚ ਸੁਰੱਖਿਅਤ ਸੜਕੀ ਆਵਾਜਾਈ ਲਈ ਬਣੇਗਾ ਐਕਸ਼ਨ ਪਲਾਨ
???? ਸੁਚਾਰੂ ਆਵਾਜਾਈ ਲਈ ਪਟਿਆਲਾ ਜ਼ਿਲ੍ਹਾ ਨਿਵਾਸੀ ਸਹਿਯੋਗ ਦੇਣ, ਗ਼ਲਤ ਪਾਰਕਿੰਗ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ : ਗੌਤਮ ਜੈਨ
ਪਟਿਆਲਾ, 28 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਨੇ ਪਟਿਆਲਾ ਜ਼ਿਲ੍ਹੇ ‘ਚ ਸੁਚਾਰੂ ਆਵਾਜਾਈ ਲਈ ਜ਼ਿਲ੍ਹਾ ਨਿਵਾਸੀਆਂ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਂਦੇ ਹੋਏ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਟ੍ਰੈਫਿਕ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਸੁਰੱਖਿਅਤ ਸੜਕੀ ਆਵਾਜਾਈ ਲਈ ਐਕਸ਼ਨ ਪਲਾਨ ਬਣਾਇਆ ਜਾਵੇਗਾ, ਜਿਸ ਲਈ ਰੋਡ ਸੇਫ਼ਟੀ ਇੰਜੀਨੀਅਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਬੰਧਤ ਵਿਭਾਗਾਂ ਦੀ ਮਦਦ ਲਈ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ. ਗੌਤਮ ਜੈਨ ਨੇ ਸ਼ਹਿਰ ‘ਚ ਨਾਜਾਇਜ਼ ਤੌਰ ‘ਤੇ ਲੱਗੇ ਪੋਸਟਰ ਤੇ ਹੋਰਡਿੰਗਜ਼ ਉਤਾਰਨ ਸਮੇਤ ਪ੍ਰਾਪਰਟੀ ਡੀਫੇਸਮੈਂਟ ਐਕਟ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਕਾਰਵਾਈ ਕਰਨ ਲਈ ਵੀ ਆਖਿਆ।
ਏ.ਡੀ.ਸੀ. ਨੇ ਟ੍ਰੈਫਿਕ ਪੁਲਿਸ ਨੂੰ ਸੁਰੱਖਿਅਤ ਆਵਾਜਾਈ ਲਈ ਆਵਾਜਾਈ ਨਿਯਮਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੰਦਿਆਂ ਸੀਟ ਬੈਲਟ ਤੇ ਹੈਲਮੈਟ ਨਾ ਪਾਉਣ ਵਾਲਿਆਂ ਅਤੇ ਵਾਹਨਾਂ ‘ਤੇ ਪ੍ਰੈਸ਼ਰ ਹਾਰਨ ਤੇ ਤੇਜ ਚਾਇਨੀਜ਼ ਲਾਇਟਾਂ ਲਾਉਣ ਵਿਰੁੱਧ ਸਖ਼ਤੀ ਵਰਤਣ ਲਈ ਵੀ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ‘ਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਜਦਕਿ ਨਿਗਮ ਅਧਿਕਾਰੀਆਂ ਨੂੰ ਸੜਕਾਂ ਦੇ ਕਿਨਾਰਿਓਂ ਨਜਾਇਜ਼ ਕਬਜੇ ਤੇ ਖੜ੍ਹਦੀਆਂ ਰੇਹੜੀਆਂ ਨੂੰ ਹਟਾਉਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕਣ ਨੂੰ ਕਿਹਾ।
ਏ.ਡੀ.ਸੀ. ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸੇਫ਼ ਸਕੂਲ ਵਾਹਨ ਸਕੀਮ ਤਹਿਤ ਸਕੂਲਾਂ ਬੱਸਾਂ ਦੀ ਲਗਾਤਾਰ ਚੈਕਿੰਗ ਦੀ ਹਦਾਇਤ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕ ਨਿਰਮਾਣ ਅਧਿਕਾਰੀਆਂ ਨੂੰ ਵੀ ਸੜਕਾਂ ਦਾ ਸੁਰੱਖਿਆ ਦੇ ਲਿਹਾਜਾ ਨਾਲ ਆਡਿਟ ਕਰਨ ਤੇ ਦੁਰਘਟਨਾ ਗ੍ਰਸਤ ਖੇਤਰਾਂ ਦੀ ਪਛਾਣ ਕਰਕੇ ਲੋੜੀਂਦੇ ਕਦਮ ਉਠਾਉਣ ਦੇ ਆਦੇਸ਼ ਦਿੱਤੇ।
ਗੌਤਮ ਜੈਨ ਨੇ ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਐਚ.ਪੀ.ਐਸ. ਲਾਂਬਾ ਅਤੇ ਰਵੀ ਆਹਲੂਵਾਲੀਆ ਵੱਲੋਂ ਉਠਾਏ ਮੁੱਦਿਆਂ ‘ਤੇ ਤੁਰੰਤ ਅਮਲ ਕਰਨ ਦਾ ਭਰੋਸਾ ਦਿੰਦਿਆਂ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਆਦੇਸ਼ ਮੌਕੇ ‘ਤੇ ਜਾਰੀ ਕੀਤੇ। ਮੀਟਿੰਗ ‘ਚ ਸੜਕ ਸੁਰੱਖਿਆ ਦੇ ਮੁੱਦੇਆਂ ਸਮੇਤ ਸੜਕਾਂ ਨੂੰ ਹਾਦਸਾਮੁਕਤ ਬਣਾਉਣ ਸਮੇਤ ਸੁਚਾਰੂ ਆਵਾਜਾਈ ਲਈ ਗੰਭੀਰ ਵਿਚਾਰ ਵਟਾਂਦਰਾ ਹੋਇਆ।
ਇਸ ਮੌਕੇ ਐਸ.ਡੀ.ਐਮ ਪਟਿਆਲਾ ਡਾ. ਇਸਮਤ ਵਿਜੇ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ, ਡੀ.ਐਸ.ਪੀ. ਟ੍ਰੈਫਿਕ ਰਵਿੰਦਰ ਸਿੰਘ ਰੰਧਾਵਾ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ, ਟ੍ਰੈਫਿਕ ਪੁਲਿਸ ਇੰਸਪੈਕਟਰ ਪੁਸ਼ਪਾ ਦੇਵੀ ਸਮੇਤ ਨਗਰ ਨਿਗਮ, ਲੋਕ ਨਿਰਮਾਣ, ਟਰਾਂਸਪੋਰਟ, ਪਸ਼ੂ ਪਾਲਣ, ਮੰਡੀ ਬੋਰਡ, ਖੇਤੀਬਾੜੀ, ਜੰਗਲਾਤ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Newsline Express