????ਦਰਜਾ ਚਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਤਿਉਹਾਰਾਂ ਲਈ ਬਿਨਾ ਵਿਆਜ 20 ਹਜਾਰ ਰੁ: ਦੇਣ ਦੀ ਮੰਗ
ਮੋਹਾਲੀ, 29 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਵੱਲੋਂ ਅਪਣੇ ਦਰਜਾ ਚਾਰ (ਗਰੁੱਪ-ਡੀ) ਮੁਲਾਜ਼ਮਾਂ ਨੂੰ ਹਰ ਸਾਲ ਤਿਓਹਾਰ ਮਨਾਉਣ ਲਈ ਬਿਨਾ ਵਿਆਜ ਤਿਓਹਾਰੀ ਕਰਜ਼ਾ ਦਿੱਤਾ ਜਾਂਦਾ ਹੈ, ਜੋ ਕਿਸ਼ਤਾਂ ਵਿੱਚ ਵਾਪਸ ਲਿਆ ਜਾਂਦਾ ਹੈ। ਦੁਸਿਹਰਾ, ਦੀਵਾਲੀ ਆਦਿ ਤਿਓਹਾਰ ਸ਼ੁਰੂ ਹੋਣ ਵਾਲੇ ਹਨ। ਇਸ ਲਈ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਵਿੱਤ ਸਕੱਤਰ ਚੰਦਨ ਸਿੰਘ, ਵਾਈਸ ਪ੍ਰਧਾਨ ਪਵਨ ਗੌਡਿਆਲ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਸਕੱਤਰ ਕਰਤਾਰ ਸਿੰਘ ਪਾਲ ਅਤੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਕ੍ਰਿਸ਼ਨ ਪ੍ਰਸਾਦ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਜਾ ਚਾਰ (ਗਰੁੱਪ-ਡੀ) ਮੁਲਾਜਮਾਂ ਨੂੰ ਘੱਟੋ-ਘੱਟ 20000/ਰੁ: ਬਿਨਾ ਵਿਆਜ ਕਰਜ਼ਾ ਦਿੱਤਾ ਜਾਵੇ ਕਿਉਂਕਿ ਮਹਿੰਗਾਈ ਵਧਣ ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਡੀ.ਊ ਡੀ.ਏ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ ਵੀ ਨਹੀਂ ਦਿੱਤੇ ਗਏ ਜਿਸ ਕਾਰਨ ਦਰਜਾ ਚਾਰ ਮੁਲਾਜ਼ਮ ਆਰਥਿਕ ਸੰਕਟ ਨਾਲ ਜੂਝ ਰਹੇ ਹਨ ਅਤੇ ਨਾਲ ਹੀ ਬੇਨਤੀ ਹੈ ਕਿ ਵੱਖੋ-ਵੱਖ ਵਿਭਾਗਾਂ ‘ਚ ਲੰਮੇ ਅਰਸੇ ਤੋਂ ਡਿਊਟੀ ਕਰਦੇ ਆ ਰਹੇ ਦਿਹਾੜੀਦਾਰ, ਠੇਕਾ ਅਤੇ ਆਊਟ ਸੋਰਸ ਮੁਲਾਜਮਾਂ ਨੂੰ ਵੀ ਬਿਨਾ ਵਿਆਜ ਕਰਜ਼ਾ ਦੇਣਾ ਯਕੀਨੀ ਬਣਾਇਆ ਜਾਵੇ।