ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ 5ਜੀ ਸੇਵਾ ਦੀ ਸ਼ੁਰੂਆਤ
ਨਵੀਂ ਦਿੱਲੀ, 1 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਵਿੱਚ ਅਤਿ-ਹਾਈ-ਸਪੀਡ ਇੰਟਰਨੈਟ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਮੋਬਾਈਲ ਕਾਂਗਰਸ-2022 (ਆਈਐਮਸੀ) ਵਿੱਚ 5ਜੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਨਿੱਜੀ ਖੇਤਰ ਦੀਆਂ ਦੋ ਵੱਡੀਆਂ ਮੋਬਾਈਲ ਕੰਪਨੀਆਂ ਨੇ ਦੇਸ਼ ਵਿੱਚ 5ਜੀ ਮੋਬਾਈਲ ਸੇਵਾ ਸ਼ੁਰੂ ਕੀਤੀ ਹੈ।
ਏਅਰਟੈੱਲ ਨੇ ਵਾਰਾਣਸੀ ਅਤੇ ਜਿਓ ਨੇ ਅਹਿਮਦਾਬਾਦ ਦੇ ਇੱਕ ਪਿੰਡ ਤੋਂ 5ਜੀ ਸੇਵਾ ਸ਼ੁਰੂ ਕੀਤੀ।
ਇਸ ਮੌਕੇ ਭਾਰਤੀ ਏਅਰਟੈੱਲ ਲਿਮਟਿਡ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਦਿੱਲੀ, ਮੁੰਬਈ ਅਤੇ ਵਾਰਾਣਸੀ ਸਮੇਤ ਦੇਸ਼ ਦੇ ਅੱਠ ਸ਼ਹਿਰਾਂ ਵਿੱਚ ਅੱਜ ਤੋਂ 5ਜੀ ਸੇਵਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ। ਮਿੱਤਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਦਿਨ ਹੈ। ਆਜ਼ਾਦੀ ਦੇ 75ਵੇਂ ਸਾਲ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ, ਜੋ ਦੇਸ਼ ਵਿੱਚ ਇੱਕ ਨਵੀਂ ਚੇਤਨਾ ਅਤੇ ਊਰਜਾ ਦੀ ਸ਼ੁਰੂਆਤ ਕਰੇਗਾ। ਇਸ ਨਾਲ ਲੋਕਾਂ ਲਈ ਕਈ ਨਵੇਂ ਮੌਕੇ ਖੁੱਲ੍ਹਣਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਇੰਡੀਆ ਮੋਬਾਈਲ ਕਾਂਗਰਸ ਵਿੱਚ 5ਜੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ 1 ਤੋਂ 4 ਅਕਤੂਬਰ ਤੱਕ 6ਵੀਂ ਇੰਡੀਆ ਮੋਬਾਈਲ ਕਾਂਗਰਸ 2022 (ਆਈਐਮਸੀ) ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰੀ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ।