???? ਪੁਲਿਸ ਨੇ ਨੌਜਵਾਨ ਨੂੰ ਵਕੀਲ ਦੇ ਚੈਂਬਰ ‘ਚੋਂ ਚੁੱਕਿਆ; ਵਕੀਲ ਭਾਈਚਾਰਾ ਨਾਰਾਜ਼; ਹੜਤਾਲ ਕਰਕੇ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ
???? ਵਕੀਲਾਂ ਵੱਲੋਂ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਪ੍ਰਧਾਨ ਜਤਿੰਦਰ ਸਿੰਘ ਘੁੰਮਣ
ਪਟਿਆਲਾ, 18 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜਿਲ੍ਹਾ ਕੋਰਟ ਕੰਪਲੈਕਸ ਵਿੱਚ ਵਕੀਲ ਦੇ ਚੈਂਬਰ ਵਿੱਚੋਂ ਜ਼ਮਾਨਤ ਲੈਣ ਆਏ ਇੱਕ ਵਿਅਕਤੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਣ ਕਾਰਨ ਵਕੀਲਾਂ ਵਿੱਚ ਭਾਰੀ ਰੋਸ ਹੈ। ਇਸ ਕਾਰਨ ਅੱਜ ਪਟਿਆਲਾ ਬਾਰ ਐਸੋਸੀਏਸ਼ਨ ਵੱਲੋਂ ਇੱਕ ਰੋਜ਼ਾ ਮੁਕੰਮਲ ਹੜਤਾਲ ਰੱਖ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਐਡਵੋਕੇਟ ਹਿਮਾਂਸ਼ੂ ਗਿਰਿਧਰ ਨੇ ਦੱਸਿਆ ਕਿ ਮੇਰਾ ਮੁਵੱਕਿਲ ਜੋ ਕਿ ਧਾਰਾ 420 ਦੇ ਇੱਕ ਕੇਸ ਵਿੱਚ 2016 ਤੋਂ ਅਦਾਲਤ ਵਿੱਚ ਇਨਸਾਫ਼ ਦੀ ਲੜਾਈ ਲੜ ਰਿਹਾ ਹੈ, ਜ਼ਮਾਨਤ ਕਰਵਾਉਣ ਕਰਨ ਲਈ ਮੇਰੇ ਚੈਂਬਰ ਵਿੱਚ ਬੈਠਾ ਸੀ, ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਮਿਲ ਪਾਉਂਦਾ , ਪੁਲਿਸ ਵਾਲੇ ਧੱਕੇਸ਼ਾਹੀ ਕਰਕੇ ਉਸ ਨੂੰ ਮੇਰੇ ਚੈਂਬਰ ਤੋਂ ਚੁੱਕ ਕੇ ਲੈ ਗਏ, ਜੋ ਕਿ ਪੁਲਿਸ ਦੀ ਬਿਲਕੁਲ ਗ਼ਲਤ ਕਾਰਵਾਈ ਹੈ। ਗੁਰਿਧਰ ਨੇ ਦੱਸਿਆ ਕਿ ਇਸ ਸਬੰਧੀ ਆਪਣੀ ਬਾਰ ਐਸੋਸੀਏਸ਼ਨ ਵਿੱਚ ਸ਼ਿਕਾਇਤ ਕੀਤੀ, ਜਿਸ ਕਾਰਨ ਅੱਜ ਸਮੂਹ ਵਕੀਲ ਭਾਈਚਾਰੇ ਨੇ ਇੱਕ ਦਿਨ ਲਈ ਮੁਕੰਮਲ ਹੜਤਾਲ ਕੀਤੀ ਹੈ ਅਤੇ ਉਕਤ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਘੁੰਮਣ ਨੇ ਇਸ ਸਬੰਧੀ ਉੱਚ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਉਕਤ ਮਾਮਲੇ ਵਿੱਚ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਜਤਿੰਦਰ ਸਿੰਘ ਘੁੰਮਣ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਵਕੀਲਾਂ ਦੇ ਹੱਕਾਂ ਲਈ ਹਰ ਸੰਭਵ ਯਤਨ ਕਰੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। *Newsline Express*