???? ਪਟਿਆਲਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਿਆਂ ਉਤੇ ਵੱਡੀ ਕਾਰਵਾਈ !!
???? ਕਰੌੜਾਂ ਰੁਪਏ ਦੀ ਸਰਕਾਰੀ ਜ਼ਮੀਨ ਤੋਂ ਛੁਡਾਏ ਸਾਲਾਂ ਪੁਰਾਣੇ 19 ਨਾਜਾਇਜ ਕਬਜੇ
???? DDPO ਦੀ ਚੇਤਾਵਨੀ : ਮੁੜ ਕਬਜ਼ੇ ਕੀਤੇ ਤਾਂ ਪੁਲਿਸ ਕੇਸ ਦਰਜ ਹੋਣਗੇ
???? ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਉਤੇ ਡੀਡੀਪੀਓ ਦੀ ਦੇਖਰੇਖ ਹੇਠ ਬੀਡੀਪੀਓ ਦੀ ਅਗਵਾਈ ਵਿਚ ਚੱਲਿਆ ਪੀਲਾ ਪੰਜਾ
ਪਟਿਆਲਾ, 21 ਅਪ੍ਰੈਲ – ਸੁਰਜੀਤ ਗਰੋਵਰ, ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਪ੍ਰਸ਼ਾਸਨ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਅਰਬਨ ਐਸਟੇਟ ਦੇ ਨਾਲ ਲੱਗਦੇ ਥੇੜੀ ਪਿੰਡ ਦੇ ਇਲਾਕੇ ਵਿੱਚ ਪੈਦੀਆਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜੇ ਛੁਡਾਏ ਗਏ। ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਝਗੜੇ ਆਦਿ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਰਹੀ।
ਪਟਿਆਲਾ ਦੇ ਜਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ, ਸਾਕਸ਼ੀ ਸਾਹਨੀ, ਆਈ.ਏ.ਐਸ, ਦੇ ਆਦੇਸ਼ਾਂ ਉਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਅੱਜ ਪੁਲਿਸ ਫੋਰਸ ਸਮੇਤ ਡੀਡੀਪੀਓ ਅਮਨਦੀਪ ਕੋਰ, ਪੀ.ਸੀ.ਐਸ, ਦੀ ਨਿਗਰਾਨੀ ਹੇਠ ਬੀਡੀਪੀਓ ਮਹਿੰਦਰਜੀਤ ਸਿੰਘ, ਪੀ.ਸੀ.ਐਸ., ਦੀ ਅਗ਼ਵਾਈ ਵਿੱਚ ਕਾਨੂੰਗੋ ਸੁਖਵਿੰਦਰ ਸਿੰਘ, ਪਟਵਾਰੀ ਰਣਜੀਤ ਸਿੰਘ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਸੁਖਵਿੰਦਰ ਸਿੰਘ ਖਾਲਸਾ, ਪ੍ਰਿੰਸ ਜਿੰਦਲ, ਪੰਚਾਇਤ ਸੈਕਟਰੀ ਲਖਵਿੰਦਰ ਸਿੰਘ ਅਤੇ ਹੋਰਾਂ ਦੀ ਹਾਜ਼ਰੀ ਵਿਚ ਕਰੋੜਾਂ ਰੁਪਏ ਦੀਆਂ ਸਰਕਾਰੀ ਜ਼ਮੀਨਾਂ ਉਤੇ ਕੀਤੇ ਗਏ ਨਾਜਾਇਜ ਕਬਜੇ ਅੱਜ ਛੁਡਾਏ ਗਏ। ਇਸ ਮੌਕੇ ਕੁੱਝ ਪੱਤਰਕਾਰ ਵੀ ਮੌਜੂਦ ਸਨ।
ਨਾਜਾਇਜ ਕਬਜੇ ਛੁਡਾਉਣ ਦੀ ਪ੍ਰਕ੍ਰਿਆ ਅੱਜ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਜੋਕਿ ਦੇਰ ਸ਼ਾਮ ਤੱਕ ਜਾਰੀ ਰਹੀ। ਸਰਕਾਰ ਵੱਲੋਂ ਛੁਡਾਏ ਇਨ੍ਹਾਂ ਨਾਜਾਇਜ ਕਬਜ਼ਿਆਂ ਵਿੱਚ ਰਿਹਾਇਸ਼ੀ ਤੇ ਕਮਰਸ਼ੀਅਲ ਥਾਂਵਾਂ ਅਤੇ ਕੁੱਝ ਪਲਾਟ ਵੀ ਸਨ। ਕਈਆਂ ਨੇ ਪੱਕੇ ਲੈਂਟਰ ਪਾਏ ਹੋਏ ਸਨ ਜਦਕਿ 2 ਪੱਕੀਆਂ ਤੇ ਸੋਹਣੀਆਂ ਕੋਠੀਆਂ ਵੀ ਬਣੀਆਂ ਹੋਈਆਂ ਸਨ, ਜਿਨ੍ਹਾਂ ਉਤੇ ਵੀ ਪੀਲੇ ਪੰਜੇ ਨਾਲ ਕਾਰਵਾਈ ਕਰਦਿਆਂ ਢਾਹ ਦਿੱਤਾ ਗਿਆ।
ਨਾਜਾਇਜ ਕਬਜੇ ਹਟਾਉਣ ਦੀ ਚੱਲਦੀ ਕਾਰਵਾਈ ਦੋਰਾਨ, ਨਿਊਜ਼ਲਾਈਨ ਐਕਸਪ੍ਰੈਸ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੀਡੀਪੀਓ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਕਾਰਵਾਈ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਦੇਸ਼ਾਂ ਉਤੇ ਡੀਡੀਪੀਓ ਸਾਹਿਬ ਦੀ ਦੇਖਰੇਖ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਕੁੱਲ 19 ਨਾਜਾਇਜ਼ ਕਬਜੇ ਹਨ ਜਿਨ੍ਹਾਂ ਨੂੰ ਅੱਜ ਹਟਾਇਆ ਜਾ ਰਿਹਾ ਹੈ ਜਦਕਿ ਇਨ੍ਹਾਂ ਵਿੱਚੋਂ ਅੱਧੀ ਦਰਜਨ ਅਜਿਹੇ ਨਾਜਾਇਜ ਕਬਜੇ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਹਟਾਇਆ ਜਾ ਚੁਕਿਆ ਸੀ ਪਰੰਤੂ ਲੋਕਾਂ ਵੱਲੋਂ ਮੁੜ ਉਨ੍ਹਾਂ ਜਮੀਨਾਂ ਉਤੇ ਕਬਜੇ ਕਰ ਲਏ ਗਏ ਸਨ।
ਉਪਰੋਕਤ ਤੋਂ ਅਲਾਵਾ, ਡੀਡੀਪੀਓ ਜਿਲ੍ਹਾ ਪਟਿਆਲਾ ਅਮਨਦੀਪ ਕੌਰ ਨੇ ਇਸ ਮੌਕੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਮੁੜ ਨਾਜਾਇਜ ਕਬਜੇ ਕਰਨ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਉਨ੍ਹਾਂ ਵਿਰੁੱਧ ਪੁਲਿਸ ਕੇਸ ਦਰਜ ਕਰਵਾਏ ਜਾਣਗੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਕੀਤੇ ਨਾਜਾਇਜ ਕਬਜਿਆਂ ਵਿਰੁੱਧ ਪ੍ਰਸ਼ਾਸਨ ਵੱਲੋਂ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਨਾਜਾਇਜ ਕਬਜੇ ਛੁਡਾਉਣ ਦੀ ਅੱਜ ਦੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਪਟਿਆਲਾ ਸ਼ਹਿਰ ਦੇ ਇੱਕ ਪ੍ਰਸਿੱਧ ਕਾਰੋਬਾਰੀ ਨੇ ਵੀ ਇੱਕ ਵੱਡੀ ਜ਼ਮੀਨ ਉਤੇ ਕਬਜਾ ਕੀਤਾ ਹੋਇਆ ਸੀ ਜਿਸਨੂੰ ਪਹਿਲਾਂ ਵੀ ਛੁਡਾਇਆ ਗਿਆ ਸੀ, ਪਰੰਤੂ ਬਾਅਦ ਵਿਚ ਉਸਨੇ ਮੁੜ ਕਬਜਾ ਕਰ ਲਿਆ। ਉਕਤ ਵਿਅਕਤੀ ਨੇ ਪਹਿਲਾਂ ਨਾਜਾਇਜ ਕਲੋਨੀ ਕੱਟਣ ਦੀ ਕੋਸ਼ਿਸ ਵੀ ਕੀਤੀ ਸੀ।
Newsline Express
ਪਟਿਆਲਾ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਦੌਰਾਨ ਲਾਈਆਂ ਤਸਵੀਰਾਂ Newsline Express