????12 ਸਾਲਾ ਮਾਸੂਮ ਦਕਸ਼ ਸ਼ਰਮਾ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
???? ਕੁਝ ਦਿਨ ਪਹਿਲਾਂ ਸਕੂਲ ਜਾਂਦੇ ਸਮੇਂ ਆਟੋ ਤੋਂ ਡਿੱਗ ਕੇ ਹੋਈ ਸੀ ਮਾਸੂਮ ਦੀ ਮੌਤ
???? ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਨੇ ਕੀਤੀ ਪਾਠ ਦੇ ਭੋਗ ਵਿੱਚ ਸ਼ਮੂਲੀਅਤ
???? ਪਰਿਵਾਰ ਨੂੰ ਨਿਆਂ ਜ਼ਰੂਰ ਮਿਲੇਗਾ: ਸ਼ਾਇਨਾ ਕਪੂਰ
ਪਟਿਆਲਾ, 21 ਅਪ੍ਰੈਲ – ਸੁਰਜੀਤ ਗਰੋਵਰ/ਨਿਊਜ਼ਲਾਈਨ ਐਕਸਪ੍ਰੈਸ – ਕੁਝ ਦਿਨ ਪਹਿਲਾਂ ਪਟਿਆਲਾ ਵਿਖੇ ਇੱਕ 12 ਸਾਲ ਦੇ ਮਾਸੂਮ ਬੱਚੇ ਦਕਸ਼ ਸ਼ਰਮਾ ਵਾਸੀ ਬਹਾਦੁਰਗੜ੍ਹ ਦੀ ਇੱਕ ਆਟੋ ਤੋਂ ਡਿੱਗ ਕੇ ਆਟੋ ਦੇ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਖਬਰ ਫੈਲਦੇ ਹੀ ਪੂਰਾ ਸ਼ਹਿਰ ਸੋਗ ਵਿੱਚ ਡੁੱਬ ਗਿਆ ਸੀ। ਅੱਜ ਬਹਾਦਰਗੜ੍ਹ ਦੇ ਭਗਵਾਨ ਸ਼੍ਰੀ ਬਦਰੀਨਾਥ ਮੰਦਿਰ ਵਿਖੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਰੱਖਿਆ ਗਿਆ ਸੀ। ਇਸ ਦੌਰਾਨ ਮਾਹੌਲ ਪੂਰੀ ਤਰ੍ਹਾਂ ਗਮਗੀਨ ਸੀ, ਸਾਰਿਆਂ ਦੀਆਂ ਅੱਖਾਂ ਨਮ ਸਨ। ਮਾਸੂਮ ਬੱਚੀ ਦੀ ਮੌਤ ‘ਤੇ ਲੋਕ ਕਿੰਨੇ ਦੁਖੀ ਸਨ, ਇਸਦਾ ਅੰਦਾਜ਼ਾ ਲਗਾਉਣ ਲਈ ਸਿਰਫ ਇਹ ਦੱਸਣਾ ਹੀ ਕਾਫੀ ਹੋਵੇਗਾ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ, ਆਈ.ਏ.ਐਸ., ਵਲੋਂ ਦਕਸ਼ ਸ਼ਰਮਾ ਨੂੰ ਪ੍ਰਸ਼ਾਸਨ ਦੀ ਤਰਫੋਂ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ਉੱਤੇ ਭੇਜੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਦੀਆਂ ਅੱਖਾਂ ‘ਚੋਂ ਵੀ ਹੰਝੂ ਨਹੀਂ ਰੁਕ ਰਹੇ ਸਨ। ਉਨ੍ਹਾਂ ਦੇ ਆਉਣ ਤੋਂ ਲੈ ਕੇ ਜਾਣ ਤੱਕ ਉਨ੍ਹਾਂ ਨੂੰ ਦੁਖੀ ਮਨ ਦੇ ਨਾਲ ਰੋਂਦੇ ਦੇਖਿਆ ਗਿਆ।
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ’ਤੇ ਸਮੂਹ ਪ੍ਰਸ਼ਾਸਨ ਦੀ ਤਰਫ਼ੋਂ ਪੀੜਤ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਦਿਲਾਸਾ ਵੀ ਦਿੱਤਾ। ਸ਼ਾਇਨਾ ਕਪੂਰ ਨੇ ਇਨਸਾਫ਼ ਦੀ ਮੰਗ ਕਰ ਰਹੇ ਮ੍ਰਿਤਕ ਬੱਚੇ ਦਕਸ਼ ਸ਼ਰਮਾ ਦੇ ਰੋਂਦੇ ਹੋਏ ਰਿਸ਼ਤੇਦਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਅਤੇ ਇਨਸਾਫ਼ ਦੁਆਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਹਾਜ਼ਰ ਪੱਤਰਕਾਰਾਂ ਵਿੱਚੋਂ ਸੀਨੀਅਰ ਪੱਤਰਕਾਰ ਅਸ਼ੋਕ ਵਰਮਾ, ਜਗਜੀਤ ਸਿੰਘ ਸੱਗੂ, ਅਨੁਰਾਗ ਸ਼ਰਮਾ, ਅਨਿਲ ਵਰਮਾ, ਸੁਰਜੀਤ ਗਰੋਵਰ ਆਦਿ ਦੇ ਮੂੰਹ ਵਿੱਚੋਂ ਠੀਕ ਤਰ੍ਹਾਂ ਨਾਲ ਆਵਾਜ਼ ਤੱਕ ਵੀ ਨਹੀਂ ਨਿੱਕਲ ਰਹੀ ਸੀ।
ਭੋਗ ਸਮਾਗਮ ਵਿੱਚ ਕਈ ਪੱਤਰਕਾਰਾਂ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ, ਜਦਕਿ ਕਈ ਸਿਆਸੀ ਸ਼ਖ਼ਸੀਅਤਾਂ ਤੇ ਸੰਸਥਾਵਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ਾਂ ਨੂੰ ਸਿਰਫ ਇਸ ਕਰਕੇ ਪੜ੍ਹ ਕੇ ਨਹੀਂ ਸੁਣਾਇਆ ਗਿਆ ਕਿਉਂਕਿ ਹਰ ਕੋਈ ਬੇਹੱਦ ਦੁਖੀ ਨਜ਼ਰ ਆ ਰਿਹਾ ਸੀ।
Newsline Express