???? ਇੱਕ ਕਰੋੜ ਦੇ ਸੋਨਾ/ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਚੋਰ ਫੜੇ ਪਟਿਆਲਾ ਪੁਲਿਸ ਨੇ
???? ਇੱਕ ਮਹਿਲਾ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ, 143 ਤੋਲੋ ਸੋਨਾ ਅਤੇ 103 ਤੋਲੇ ਚਾਂਦੀ ਬ੍ਰਾਮਦ
ਪਟਿਆਲਾ / ਗਰੋਵਰ, ਲਾਂਬਾ, ਰਮਨ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ਦੇ ਜੱਟਾਂ ਵਾਲਾ ਚੌਂਤਰਾ ਇਲਾਕੇ ਵਿੱਚ ਲਗਭਗ ਇੱਕ ਕਰੋੜ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਨੇ ਹੱਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇੱਕ ਮਹਿਲਾ ਸਮੇਤ 3 ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ 143 ਤੋਲੋ ਸੋਨਾ ਅਤੇ 103 ਤੋਲੇ ਚਾਂਦੀ ਦੇ ਗਹਿਣੇ ਬ੍ਰਾਮਦ ਕਰ ਲਏ ਹਨ।
ਇਸ ਹੈਰਾਨੀਜਨਕ ਵੱਡੀ ਵਾਰਦਾਤ ਦਾ ਖੁਲਾਸਾ ਕਰਦਿਆਂ ਸ੍ਰੀ ਵਰੁਨ ਸ਼ਰਮਾ, ਆਈ.ਪੀ.ਐਸ, ਐਸ ਐਸ ਪੀ ਪਟਿਆਲਾ ਨੇ ਦੱਸਿਆ ਕਿ 17 ਨਵੰਬਰ 2023 ਨੂੰ ਭੂਪਿੰਦਰ ਸਿੰਘ ਪੁੱਤਰ ਲੇਟ ਨਰਿੰਦਰ ਸਿੰਘ ਵਾਸੀ ਮਕਾਨ ਨੰਬਰ 3001/1, ਜੱਟਾਂ ਵਾਲਾ ਚੋਤਰਾਂ ਪਟਿਆਲਾ ਨੇ ਥਾਣਾ ਕੋਤਵਾਲੀ ਪਟਿਆਲਾ ਇਤਲਾਹ ਦਿੱਤੀ ਸੀ ਕਿ ਮਿਤੀ 16/17 ਨਵੰਬਰ 2023 ਦੀ ਦਰਮਿਆਨੀ ਰਾਤ ਨੂੰ ਉਹਨਾਂ ਦੇ ਘਰ ਵਿੱਚੋਂ ਨਾ ਮਾਲੂਮ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਹਨ, ਜਿਸ ਉਤੇ ਮੁੱਕਦਮਾ ਨੰਬਰ 229 ਮਿਤੀ 17/11/2023 ਅ/ਧ 457, 380 ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ ਬਰਖਿਲਾਫ ਨਾਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਮੁੱਕਦਮਾ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸਰਫਰਾਜ ਆਲਮ ਆਈ.ਪੀ.ਐਸ ਐਸ ਪੀ ਸਿਟੀ ਪਟਿਆਲਾ ਅਤੇ ਸੰਜੀਵ ਸਿੰਗਲਾ ਡੀ ਐਸ ਪੀ ਸਿਟੀ-1 ਪਟਿਆਲਾ ਦੀ ਯੋਗ ਅਗਵਾਈ ਹੇਠ ਥਾਣਾ ਕੋਤਵਾਲੀ ਪਟਿਆਲਾ ਦੇ ਮੁੱਖ ਅਫਸਰ ਇੰਸਪੈਕਟਰ ਸੁੱਖਵਿੰਦਰ ਸਿੰਘ ਗਿੱਲ ਅਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਡੂੰਘਾਈ ਨਾਲ ਮੁੱਕਦਮੇ ਦੀ ਤਫਤੀਸ਼ ਕਰਦਿਆਂ ਹੋਇਆਂ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਦੀ ਪਹਿਚਾਣ ਕਰਕੇ, ਅਦਿਤਿਆ ਉਰਫ ਬਿਹਾਰੀ ਪੁੱਤਰ ਲੇਟ ਸਾਗਰ, ਰਾਜਾ ਪੁੱਤਰ ਜਸਪਾਲ ਵਾਸੀਆਨ ਭੀਮ ਨਗਰ ਢੇਹਾ ਕਲੋਨੀ ਥਾਣਾ ਲਹੋਰੀ ਗੇਟ ਪਟਿਆਲਾ ਅਤੇ ਇੱਕ ਮਹਿਲਾ ਅੰਜਲੀ ਪਤਨੀ ਰਾਜਾ ਨੂੰ ਮੁੱਕਦਮਾ ਵਿੱਚ ਨਾਮਜਦ ਕੀਤਾ ਗਿਆ। ਉਕਤ ਤਿੰਨਾਂ ਵਿਅਕਤੀਆ ਨੂੰ ਵੱਖ ਵੱਖ ਥਾਂਵਾਂ ਤੋਂ ਗ੍ਰਿਫਤਾਰ ਕੀਤਾ ਗਿਆ। ਅਦਿਤਿਆ ਨੂੰ ਵੱਡੀ ਨਦੀ ਪੁਲ ਪਟਿਆਲਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਹੁਣ ਤੱਕ 868 ਗ੍ਰਾਮ ਸੋਨਾ ਅਤੇ 418 ਗ੍ਰਾਮ ਚਾਂਦੀ ਦੀ ਬਰਾਮਦਗੀ ਹੋਈ ਹੈ ਜਦਕਿ ਰਾਜਾ ਉਕਤ ਨੂੰ ਗ੍ਰਿਫਤਾਰ ਕਰਕੇ ਇਸ ਕੋਲੋਂ 542 ਗ੍ਰਾਮ ਸੋਨਾ ਅਤੇ 615 ਗ੍ਰਾਮ ਸਿਲਵਰ ਅਤੇ ਅੰਜਲੀ ਨੂੰ ਰਾਜਪੁਰਾ ਚੁੰਗੀ ਗ੍ਰਿਫਤਾਰ ਕਰਕੇ ਇਸ ਤੋਂ 25 ਗ੍ਰਾਮ ਸੋਨਾ ਬ੍ਰਾਮਦ ਕੀਤਾ ਗਿਆ ਹੈ। ਹੁਣ ਤੱਕ ਇਹਨਾਂ ਵਿਅਕਤੀਆਂ ਕੋਲੋਂ ਕੁੱਲ 143 ਤੋਲੋ ਸੋਨਾ ਅਤੇ 103 ਤੋਲੇ ਚਾਂਦੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸਐਸਪੀ ਸ਼ਰਮਾ ਨੇ ਅੱਗੇ ਦੱਸਿਆ ਕਿ ਹੁਣ ਤੱਕ ਦੀ ਕੀਤੀ ਗਈ ਤਫਤੀਸ਼ ਤੋਂ ਇਹ ਸਾਹਮਣੇ ਆਇਆ ਹੈ ਕਿ ਮੁੱਦਈ ਮੁੱਕਦਮਾ ਆਪਣੇ ਘਰ ਨੂੰ ਬਾਹਰ ਤੋਂ ਤਾਲਾ ਲਗਾ ਕੇ ਮਿਤੀ 16 ਨਵੰਬਰ 2023 ਨੂੰ ਪਰਿਵਾਰ ਸਮੇਤ ਮੱਥਾ ਟੇਕਣ ਲਈ ਗਿਆ ਸੀ। ਉਕਤ ਅਦਿਤਿਆ ਅਤੇ ਰਾਜਾ ਉਸ ਏਰੀਆ ਵਿੱਚ ਸਵੇਰੇ ਘੁੰਮ ਰਹੇ ਸਨ, ਜਦੋਂ ਇਹਨਾਂ ਨੇ ਤਾਲਾ ਲੱਗਾ ਦੇਖਿਆ ਤਾਂ ਇਹਨਾਂ ਨੇ ਘਰ ਦਾ ਤਾਲਾ ਤੋੜ ਕੇ ਘਰ ਵਿਚ ਦਾਖਿਲ ਹੋ ਕੇ ਅੰਦਰ ਪਈ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਇਹਨਾਂ ਵਿਅਕਤਆਂ ਵਿਰੁੱਧ ਪਹਿਲਾਂ ਵੀ ਸ਼ਰਾਬ ਅਤੇ ਚੋਰੀ ਦੇ ਮੁੱਕਦਮੇ ਦਰਜ਼ ਹਨ। ਪਟਿਆਲਾ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਜਾਨ ਮਾਲ ਲਈ ਮੁਸਤੈਦ ਹੈ, ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਐਸਐਸਪੀ ਸ਼ਰਮਾ ਨੇ ਦੋਸ਼ੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਰਫ਼ਤਾਰ ਅਦਿਤਿਆ ਬਿਹਾਰੀ ਉਮਰ ਕਰੀਬ 21 ਸਾਲ ਕਬਾੜ ਦੀ ਫੇਰੀ ਦਾ ਕੰਮ ਕਰਦਾ ਹੈ ਅਤੇ ਰਾਜਾ ਉਮਰ 24 ਸਾਲ ਫੇਰੀ ਦਾ ਕੰਮ ਕਰਦਾ ਹੈ ਜੋਕਿ ਸਥਾਨਕ ਭੀਮ ਨਗਰ ਢੇਹਾ ਕਲੋਨੀ ਥਾਣਾ ਲਹੋਰੀ ਗੇਟ ਵਿਖੇ ਰਹਿੰਦਾ ਹੈ ਅਤੇ ਇਸਦੀ ਪਤਨੀ ਅੰਜਲੀ ਉਮਰ 24 ਸਾਲ ਘਰੇਲੂ ਅੋਰਤ ਹੈ।
Newsline Express