????ਸ਼ਿਵ ਸੈਨਾ ਹਿੰਦੁਸਤਾਨ ਨੇ ਸੂਬਾ ਸਰਕਾਰ ਦੀ ਕੀਤੀ ਤਾਰੀਫ਼
ਪਟਿਆਲਾ, 20 ਜੂਨ : ਨਿਊਜ਼ਲਾਈਨ ਐਕਸਪ੍ਰੈਸ – ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਹਿਸ਼ਤਗਰਦਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਨਾਲ ਕੰਮ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਵਿਚਾਰਧਾਰਾ ਦੇ ਸਮਰਥਕ ਅਤੇ ਵੱਖਵਾਦੀ ਆਗੂ ਅੰਮ੍ਰਿਤਪਾਲ ਸਿੰਘ ਵਿਰੁੱਧ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦੀ ਨੂੰ ਇੱਕ ਸਾਲ ਹੋਰ ਵਧਾਉਣ ਦਾ ਜੋ ਦਲੇਰਾਨਾ ਫੈਸਲਾ ਲਿਆ ਗਿਆ ਹੈ, ਉਸ ਦਾ ਸ਼ਿਵ ਸੈਨਾ ਹਿੰਦੁਸਤਾਨ ਪੁਰਜ਼ੋਰ ਸਮਰਥਨ ਕਰਦੀ ਹੈ ਅਤੇ ਸਵਾਗਤ ਕਰਦੀ ਹੈ।
ਪਵਨ ਗੁਪਤਾ ਨੇ ਦੱਸਿਆ ਕਿ ਹਾਲ ਹੀ ‘ਚ ਮੁੱਖ ਮੰਤਰੀ ਮਾਨ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਸ਼ਾ ਵਿਰੋਧੀ ਮੁਹਿੰਮ ਨੂੰ ਮਿਸ਼ਨ ਦੇ ਆਧਾਰ ‘ਤੇ ਚਲਾਉਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ, ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਕਾਲੀਆਂ ਭੇਡਾਂ ਨੂੰ ਲੱਭ ਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਪ੍ਰਬੰਧ ਕੀਤਾ ਹੈ ਅਤੇ ਵਿਆਪਕ ਤਬਾਦਲਿਆਂ ਦੇ ਹੁਕਮ ਦਿੱਤੇ ਹਨ, ਉਸਦਾ ਹਾਂ-ਪੱਖੀ ਅਸਰ ਪਵੇਗਾ। ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਨਸ਼ਾਖੋਰੀ ਵੱਧ ਰਹੀ ਹੈ ਅਤੇ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।
