ਹਿਮਾਚਲ, 30 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਖਾਲੀਸਤਾਨੀ ਹਮਾਇਤੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਬੇ ’ਚ ਰਾਸ਼ਟਰੀ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਇਹ ਧਮਕੀ ਸ਼ੁੱਕਰਵਾਰ ਸਵੇਰੇ 10.54 ਵਜੇ ਸਥਾਨਕ ਪੱਤਰਕਾਰਾਂ ਨੂੰ ਰਿਕਾਰਡ ਕੀਤੀ ਫੋਨ ਕਾਲ ਜ਼ਰੀਏ ਇਕੋ ਸਮੇਂ ’ਤੇ ਭੇਜੀ ਗਈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਗੁਰਪਤਵੰਤ ਸਿੰਘ ਪੰਨੂ ਦੱਸਿਆ।
ਉਸ ਨੇ ਕਿਹਾ, ‘ਅਸੀਂ ਜੈਰਾਮ ਠਾਕੁਰ ਨੂੰ ਭਾਰਤੀ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ। ਇਹ ਫ਼ੈਸਲਾ ਵਾਸ਼ਿੰਗਟਨ ਡੀਸੀ ’ਚ ਸਿਖਸ ਫਾਰ ਜਸਟਿਸ ਦੀ ਜਨਰਲ ਕੌਂਸਲ ਵਲੋਂ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸ ਨੇ ਫਿਰ ਅੰਗਰੇਜ਼ੀ ’ਚ ਕਿਹਾ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਾ ਹਿੱਸਾ ਹੈ ਤੇ ਅਸੀਂ ਪੰਜਾਬ ’ਚ ਰੈਫਰੈਂਡਮ ਕਰਵਾ ਰਹੇ ਹਾਂ। ਇਕ ਵਾਰੀ ਪਹਿਲਾਂ ਅਸੀਂ ਪੰਜਾਬ ਨੂੰ ਆਜ਼ਾਦ ਕਰਵਾ ਲਈਏ, ਉਸ ਮਗਰੋਂ ਅਸੀਂ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਇਲਾਕਿਆਂ ’ਤੇ ਕਬਜ਼ਾ ਕਰਾਂਗੇ ਜਿਹੜੇ ਪੰਜਾਬ ਦਾ ਹਿੱਸਾ ਸਨ।