ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀਆਂ ਨੇ ਲਗਾਈ ਸੱਭਿਆਚਾਰ ਤੇ ਸਾਇੰਸ ਮਾਡਲਾਂ ਦੀ ਪ੍ਰਦਰਸ਼ਨੀ
ਪਟਿਆਲਾ, 30 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਸੱਭਿਆਚਾਰ ਤੇ ਸਾਇੰਸ ਮਾਡਲਾਂ ਦੀ ਪ੍ਰਦਰਸ਼ਨੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਵਿਸ਼ੇਸ਼ ਅਗਵਾਈ ਹੇਠ ਲਗਾਈ।
ਬੀਤੇ ਦਿਨੀਂ ਲਗਾਈ ਇਸ ਪ੍ਰਦਰਸ਼ਨ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਤੇ ਸਾਇੰਸ ਵਿਸ਼ੇ ਨਾਲ ਸੰਬੰਧਤ ਮਾਡਲਾਂ ਨੂੰ ਬਣਾਉਣ, ਸਜਾਉਣ ਤੇ ਉਹਨਾਂ ਦਾ ਪ੍ਰਦਰਸ਼ਨ ਕਰਨ ਵਿੱਚ ਬੜੇ ਜੋਸ਼ ਦੇ ਉਤਸ਼ਾਹ ਨਾਲ ਭਾਗ ਲਿਆ।

ਨਾਨ ਮੈਡੀਕਲ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਦੁਆਰਾ ਬਣਾਏ ਰੌਬਟ ਤੇ ਰੂਮ ਹੀਟਰ ਦਾ ਮਾਡਲ ਸਭ ਦੀ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਪਿੰਡ ਦੇ ਚੁੱਲੇ ਚੌਂਕੇ ਤੋਂ ਲੈ ਕੇ ਪੰਜਾਬ ਦੀਆਂ ਲੋਕ ਕਲਾਵਾਂ ਨਾਲ ਸੰਬੰਧਤ ਛੱਜ, ਪੱਖੀ, ਮੂੜ੍ਹੇ, ਚੱਕੀ, ਚਰਖੇ ਤੇ ਖੇਤੀਬਾੜੀ ਨਾਲ ਸੰਬੰਧਤ ਮਾਡਲ ਅਤੇ ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗੋਲਡਨ ਟੈਂਪਲ ਦਾ ਮਾਡਲ ਬਹੁਤ ਹੀ ਸੁੰਦਰ ਤੇ ਮਨਮੋਹਕ ਸੀ ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਵੱਖ ਵੱਖ ਮਾਡਲਾਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਦੁਆਰਾ ਪ੍ਰਗਟਾਈ ਗਈ ਆਪਣੀ ਪ੍ਰਤਿਭਾ ਦੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਨੇ ਖੂਬ ਪ੍ਰਸੰਸਾ ਕੀਤੀ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਕੂਲ ਅਧਿਆਪਕ ਸ੍ਰੀਮਤੀ ਮਮਤਾ ਸ਼ਰਮਾ, ਸ਼੍ਰੀਮਤੀ ਸੁਨੀਤਾ ਜਿੰਦਲ ਦੇ ਨਾਲ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਭਰਪੂਰ ਸਹਿਯੋਗ ਰਿਹਾ।
Newsline Express

