???? ਸਾਰਾਗੜ੍ਹੀ ਦੀ ਜੰਗ ਦੇ ਦਸਤਾਵੇਜ਼ਾਂ ਨੇ ਗੌਰਵਮਈ ਇਤਿਹਾਸ ਤੋਂ ਕਰਵਾਇਆ ਜਾਣੂ
???? ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਲਗਾਈ ਪੁਰਾਤਨ ਸਿੱਕਿਆਂ ਤੇ ਹੱਥ ਲਿਖਤਾਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
???? ਅਮੀਰ ਵਿਰਾਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਸਹਾਈ ਹੋਈ ਪ੍ਰਦਰਸ਼ਨੀ : ਡਾ. ਬਲਬੀਰ ਸਿੰਘ
ਪਟਿਆਲਾ, 16 ਫਰਵਰੀ: ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਸਾਰਾਗੜ੍ਹੀ ਦੀ ਜੰਗ ਨਾਲ ਸਬੰਧਤ ਰੱਖੇ ਦਸਤਾਵੇਜ਼ਾਂ ਨੇ ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਪੁੱਜੇ ਹਜ਼ਾਰਾਂ ਦਰਸ਼ਕਾਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ। ਏ.ਐਸ. ਚਾਹਲ ਵੱਲੋਂ ਪਟਿਆਲਾ ‘ਚ ਪਹਿਲੀ ਵਾਰ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਨਾਲ ਸਬੰਧਤ ਦਸਤਾਵੇਜ਼ ਰੱਖੇ ਗਏ ਸਨ, ਜਿਨ੍ਹਾਂ ‘ਚ ਫੋਰਥ ਬਟਾਲੀਅਨ ਸਿੱਖ ਰੈਜੀਮੈਂਟ ਦੀਆਂ ਪ੍ਰਾਪਤੀਆਂ ਸਬੰਧੀ ਤੇ ਇਤਿਹਾਸ ਬਾਰੇ ਵਿਸਥਾਰ ‘ਚ ਜਾਣਕਾਰੀ ਮੌਜੂਦ ਸੀ। ਇਸ ਤੋਂ ਇਲਾਵਾ ਪ੍ਰਦਰਸ਼ਨੀ ‘ਚ ਆਰਮਡ ਰੈਜੀਮੈਂਟ ਕਵਰ, ਪਰਮਵੀਰ ਚੱਕਰ, ਪਟਿਆਲਾ ਹੈਰੀਟੇਜ, ਨਾਭਾ, ਪਟਿਆਲਾ, ਕੈਥਲ, ਜੀਂਦ ਤੇ ਮਲੇਰਕੋਟਲਾ ਰਿਆਸਤਾਂ ਦੇ ਸਿੱਕੇ, ਬ੍ਰਿਟਿਸ਼ ਸਮੇਂ ਦੀਆਂ ਡਾਕ ਟਿਕਟਾਂ, ਨਾਨਕਸ਼ਾਹੀ ਸਿੱਕੇ ਵੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਏ.ਐਸ. ਚਾਹਲ, ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਵੱਲੋਂ ਇਨ੍ਹਾਂ ਵਸਤਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾਕ ਵਿਭਾਗ ਵੱਲੋਂ ਵੀ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ।

ਪ੍ਰਦਰਸ਼ਨੀ ਦਾ ਦੌਰਾ ਕਰਨ ਉਪਰੰਤ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਥੇ ਪਟਿਆਲਾ ਵਾਸੀਆਂ ਨੂੰ ਨਾ ਕੇਵਲ ਫੌਜ ਸਗੋਂ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਜਾਨਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਿੱਕੇ, ਡਾਕ ਟਿਕਟਾਂ ਤੇ ਸਾਰਾਗੜ੍ਹੀ ਦੀ ਜੰਗ ਨਾਲ ਸਬੰਧਤ ਦਸਤਾਵੇਜ਼ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਵਿਚੋਂ ਕਾਫ਼ੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।
ਇਸ ਮੌਕੇ ਪ੍ਰਦਰਸ਼ਨੀ ਦੇਖਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੀਆਂ ਪੁਰਾਤਨ ਵਸਤਾਂ ਸਾਨੂੰ ਸਾਡੀ ਅਮੀਰ ਵਿਰਾਸਤ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਂਦੀਆਂ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਆਕੇ ਸਾਰਾਗੜ੍ਹੀ ਦੀ ਜੰਗ ਨਾਲ ਸਬੰਧਤ ਇਤਿਹਾਸ ਨੂੰ ਜਾਣਨ ਵਿਚ ਮਦਦ ਮਿਲੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ, ਏ.ਡੀ.ਸੀ. ਨਵਰੀਤ ਕੌਰ ਸੇਖੋਂ ਤੇ ਇਸ਼ਾ ਸਿੰਗਲ, ਸੰਯੁਕਤ ਕਮਿਸ਼ਨਰ ਨਗਰ ਨਿਗਮ ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ।
