???? ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਦੇਸ਼ ਭਰ ਵਿਚ ਰਿਹਾ ਰੇਲਵੇ ਦਾ ਚੱਕਾ ਜਾਮ
????ਪਟਿਆਲਾ ਜ਼ਿਲ੍ਹੇ ਵਿੱਚ ਕੀਤਾ ਗਿਆ ਚੱਕਾ ਜਾਮ ਪੂਰੀ ਤਰ੍ਹਾਂ ਰਿਹਾ ਸਫਲ : ਬੁੱਟਾ ਸਿੰਘ ਸ਼ਾਦੀਪੁਰ
???? ਕੇਂਦਰ ਸਰਕਾਰ ਨੂੰ ਆਪਣੀਆਂ ਸ਼ਰਤਾਂ ਤੋਂ ਮੁਕਰਨ ਨਹੀਂ ਦੇਵਾਂਗੇ : ਪ੍ਰਭਜੀਤ ਪਾਲ ਸਿੰਘ
ਪਟਿਆਲਾ/ਰਾਜਪੁਰਾ, 31 ਜੁਲਾਈ –ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ, 31 ਜੁਲਾਈ ਨੂੰ ਪੂਰੇ ਦੇਸ਼ ਭਰ ਵਿਚ ਰੇਲ ਰੋਕਣ ਦੇ ਦਿੱਤੇ ਸੱਦੇ ਨੂੰ ਪੂਰਾ ਸਮਰਥਨ ਮਿਲਿਆ। ਕਈ ਥਾਵਾਂ ਉਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਗੱਡੀਆਂ ਰੋਕੇ ਜਾਣ ਦੀ ਵੀ ਖ਼ਬਰ ਹੈ ਜਦਕਿ ਹਰਿਆਣਾ ਦੇ ਹਿਸਾਰ ਰੋਹਤਕ ਮਾਰਗ ਉਤੇ ਪ੍ਰਦਰਸ਼ਕਾਰੀ ਕਿਸਾਨਾਂ ਨੇ ਇੱਕ ਟੋਲ ਪਲਾਜ਼ਾ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਣ ਦੀ ਖਬਰ ਪ੍ਰਾਪਤ ਹੋਈ ਹੈ।
ਕਿਸਾਨ ਆਗੂ ਬੁੱਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਉੱਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵਈਏ ਖ਼ਿਲਾਫ਼ ਰੇਲ ਰੋਕੋ ਅੰਦੋਲਨ ਕੀਤਾ ਗਿਆ ਜਿਸਨੂੰ ਹਰ ਪਾਸਿਓਂ ਜਬਰਦਸਤ ਹੁੰਗਾਰਾ ਮਿਲਿਆ। ਸ਼ਾਦੀਪੁਰ ਨੇ ਕਿਹਾ ਕਿ ਸਮੂਹ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੀਰਾਂ ਨੇ ਅੱਜ ਇੱਕ ਵਾਰੀ ਫੇਰ ਕਿਸਾਨ ਏਕਤਾ ਦਾ ਸਬੂਤ ਦੇ ਕੇ ਕਿਸਾਨ ਵਿਰੋਧੀ ਤਾਕਤਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਵੀ ਕਿਸਾਨਾਂ ਨੇ ਜਿਸ ਤਰ੍ਹਾਂ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਉਸ ਲਈ ਉਹ ਸਭ ਦਾ ਦਿਲੋਂ ਧੰਨਵਾਦ ਕਰਦੇ ਹਨ।
ਪੰਜਾਬ ਭਰ ਵਿੱਚ ਵੀ ਲਗਭਗ ਹਰ ਥਾਂ ਉਤੇ ਕਿਸਾਨਾਂ ਨੇ ਰੇਲ ਲਾਈਨਾਂ ਉਤੇ ਬੈਠ ਕੇ ਰੇਲ ਆਵਾਜਾਈ ਬੰਦ ਕੀਤੀ ਅਤੇ ਨਾਅਰੇਬਾਜ਼ੀ ਕੀਤੀ। ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੇਲਵੇ ਜੰਕਸ਼ਨ ਵਿਖੇ ਵੀ ਜ਼ਿਲ੍ਹਾ ਪੱਧਰੀ ਕਿਸਾਨਾਂ ਦਾ ਅੰਦੋਲਨ ਕੀਤਾ ਗਿਆ ਜੋਕਿ ਪੂਰੀ ਤਰ੍ਹਾਂ ਸਫ਼ਲ ਰਿਹਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਮਾਜ ਸੇਵੀ ਤੇ ਕਿਸਾਨ ਆਗੂ ਐਡੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਬੁੱਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਦੇਸ਼ ਦੇ ਕਿਸਾਨ ਪ੍ਰਤੀ ਮਾੜਾ ਰਵਈਆਂ ਤੇ ਸੋੜੀ ਸੋਚ ਹੈ ਜਿਸ ਕਰਕੇ ਕਿਸਾਨ ਵੀਰਾਂ ਨੂੰ ਅੱਜ ਇਹ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਐੱਮ.ਐਸ.ਪੀ ਉੱਤੇ ਕਾਨੂੰਨ ਬਣਾਉਣ ਦੇ ਵਾਅਦੇ ਤਹਿਤ ਸਰਕਾਰ ਕਿਸਾਨਾਂ ਦੇ ਨਾਲ ਧੋਖਾ ਤੇ ਸਾਜਿਸ਼ ਕਰ ਰਹੀ ਹੈ। ਉਹ ਐਮ.ਐਸ.ਪੀ ਕਮੇਟੀ ਦੇ ਨਾਂ ਹੇਠ ਦੁਬਾਰਾ ਖੇਤੀ ਕਾਨੂੰਨ ਲਾਗੂ ਕਰਨ ਦੀ ਫਿਰਾਕ ਵਿਚ ਹੈ। ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਵਿਖੇ ਚੱਲੇ ਲੰਮੇ ਤੇ ਸਫਲ ਕਿਸਾਨ ਅੰਦੋਲਨ ਨੂੰ ਖ਼ਤਮ ਕਰਵਾਉਣ ਅਤੇ ਮੋਰਚਾ ਚੁਕਵਾਉਣ ਲਈ ਕੇਂਦਰ ਸਰਕਾਰ ਨੇ ਜਿੰਨੀਆਂ ਵੀ ਸ਼ਰਤਾਂ ਮੰਨੀਆਂ ਸੀ, ਉਨ੍ਹਾਂ ਸਭ ਤੋਂ ਕੇਂਦਰ ਸਰਕਾਰ ਮੁਕਰ ਰਹੀ ਹੈ, ਪਰ ਕਿਸਾਨ ਵੀਰ ਅਤੇ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨੂੰ ਅਜਿਹਾ ਨਹੀਂ ਕਰਨ ਦੇਣਗੀਆਂ। ਉਨ੍ਹਾਂ ਕਿਹਾ ਕਿ ਲਖੀਮਪੁਰ ਖਿਰੀ ਕਿਸਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਨਹੀਂ ਹੋਈ, ਉਲਟਾ ਗਵਾਹਾਂ ਉਤੇ ਹਮਲੇ ਹੋ ਰਹੇ ਹਨ ਤੇ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ।
ਕਿਸਾਨ ਮੋਰਚੇ ਦੌਰਾਨ ਕਿਸਾਨਾਂ /ਨੌਜਵਾਨਾਂ ‘ਤੇ ਕੀਤੇ ਗਲਤ ਪਰਚੇ ਰੱਦ ਨਹੀਂ ਹੋਏ।
ਦੇਸ਼ ਦੇ ਨੌਜਵਾਨਾਂ ਨਾਲ ਅਗਨੀਪਥ ਯੋਜਨਾ ਤਹਿਤ ਫ਼ੋਜ ਵਿਚ ਭਰਤੀ ਤਹਿਤ ਦੇਸ਼ ਦੀ ਸੁਰੱਖਿਆ ਸਬੰਧੀ ਧੋਖਾ ਕੀਤਾ ਜਾ ਰਿਹਾ ਹੈ। ਸਭ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਦੇਸ਼ ਭਰ ਵਿਚ ਇਨਸਾਫ ਲਈ ਕੇਂਦਰ ਸਰਕਾਰ ਖਿਲਾਫ ਅੱਜ, 31 ਜੁਲਾਈ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਐਡੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਹੈ ਕਿ ਅੱਜ ਦਾ ਇਹ ਸੱਦਾ ਲੋਕਤੰਤਰ ਤਹਿਤ, ਲੋਕਹਿੱਤ ਅਤੇ ਇਨਸਾਫ ਲਈ ਦਿੱਤਾ ਗਿਆ ਹੈ। ਇਸ ਲਈ ਸਭ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰਦਿਆਂ ਸਫ਼ਰ ਕਰਨ ਤੋਂ ਗ਼ੁਰੇਜ਼ ਕਰਨ ਅਤੇ ਹੱਕਾਂ ਦੀ ਲੜਾਈ ਲਈ ਕਿਸਾਨ ਮੋਰਚੇ ਦਾ ਸਾਥ ਦੇਣ ਦੀ ਅਪੀਲ ਕਰ ਦਿੱਤੀ ਗਈ ਸੀ ਤਾਂਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਇਸ ਮੌਕੇ ਸੁਰਿੰਦਰ ਪਾਲ ਚਹਿਲ, ਸੁੱਚਾ ਸਿੰਘ, ਗੁਰਿੰਦਰ ਸਿੰਘ, ਹਰਬੰਸ ਸਿੰਘ ਦਦਹੇੜਾ, ਸੁਬੇਗ ਸਿੰਘ, ਨਿਰਮਾਨ ਸਿੰਘ ਸੰਧੂ, ਭੁਪਿੰਦਰ ਸਿੰਘ ਸ਼ੰਕਪੁਰ, ਤਲਵਿੰਦਰ ਸਿੰਘ, ਸੋਨੀ ਘੁੰਮਣ, ਬਲਦੇਵ ਸਿੰਘ, ਰਾਜੂ ਮਸੀਹ, ਬਖਤਾਵਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਬਾਜਵਾ, ਤਾਸੀਰ ਸਿੰਘ, ਸੁੱਖਾ ਸਿੰਘ ਅਤੇ ਭਾਰੀ ਗਿਣਤੀ ਹੋਰ ਆਗੂ ਤੇ ਕਿਸਾਨ ਵੀਰ ਮੌਜੂਦ ਰਹੇ।
Newsline Express