???? ਅੱਧੀ ਰਾਤ ਨੂੰ ਕਾਂਗਰਸੀ ਮਹਿਲਾ ਆਗੂ ਦੇ ਘਰ ‘ਤੇ ਹਮਲਾ; ਘਰ ‘ਚ ਵੜ ਕੇ ਨੌਜਵਾਨ ਨੂੰ ਮਾਰੇ ਚਾਕੂ
ਪਟਿਆਲਾ, 4 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ‘ਚ ਕਾਂਗਰਸੀ ਮਹਿਲਾ ਆਗੂ ਨੀਲਮ ਭੰਡਾਰੀ ਦੇ ਘਰ ‘ਤੇ ਹਮਲਾ ਹੋਇਆ ਹੈ। ਸੂਤਰਾਂ ਮੁਤਾਬਕ ਕੁਝ ਲੋਕਾਂ ਨੇ ਨੀਲਮ ਭੰਡਾਰੀ ਦੇ ਘਰ ‘ਚ ਦਾਖਲ ਹੋ ਕੇ ਉਸ ਦੇ ਭਤੀਜੇ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਹਮਲਾਵਰਾਂ ਨਾਲ ਪਹਿਲਾਂ ਵੀ ਉਨ੍ਹਾਂ ਦਾ ਲੜਾਈ ਝਗੜਾ ਹੋਇਆ ਸੀ, ਜਿਸ ਸਬੰਧੀ ਸਥਾਨਕ ਐਸਪੀ ਟਰੈਫਿਕ ਦੇ ਦਫ਼ਤਰ ਵਿੱਚ ਜਾਂਚ ਚੱਲ ਰਹੀ ਹੈ।
ਦੱਸਿਆ ਗਿਆ ਹੈ ਕਿ ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੇ ਹਮਲਾਵਰਾਂ ਨੂੰ ਚੋਰ ਸਮਝਿਆ ਪਰ ਜਦੋਂ ਮਹਿਲਾ ਆਗੂ ਨੀਲਮ ਭੰਡਾਰੀ ਅਤੇ ਉਸ ਦੇ ਪੁੱਤਰ ਨੇ ਜਾ ਕੇ ਦੇਖਿਆ ਕਿ ਉਹ ਨੀਲਮ ਦੇ ਭਤੀਜੇ ਨੂੰ ਚਾਕੂਆਂ ਨਾਲ ਮਾਰ ਰਹੇ ਹਨ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਹਮਲਾਵਰ ਚੋਰੀ ਕਰਨ ਦੀ ਯੋਜਨਾ ਨਾਲ ਨਹੀਂ, ਸਗੋਂ ਕਿਸੇ ਨੂੰ ਮਾਰਨ ਦੀ ਨੀਅਤ ਨਾਲ ਆਏ ਸਨ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਏ ਐਸ ਆਈ ਕੁਲਦੀਪ ਸਿੰਘ ਦੀ ਅਗਵਾਈ ਹੇਠ ਸਰਹਿੰਦੀ ਬਾਜ਼ਾਰ ਨੇੜੇ ਸਥਿਤ ਵਾਰਦਾਤ ਵਾਲੇ ਘਰ ਵਿੱਚ ਪਹੁੰਚ ਗਈ ਸੀ।
ਇਸ ਸੰਬੰਧੀ ਕਾਂਗਰਸੀ ਮਹਿਲਾ ਆਗੂ ਨੀਲਮ ਭੰਡਾਰੀ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਮੁਹੱਲੇ ਦੇ ਬਾਹਰ ਬਾਜ਼ਾਰ ਵਿਚ ਬਹੁਤ ਦੇਰ ਤਕ ਖੜੇ ਰਹੇ ਜਿਸ ਕਾਰਨ ਜ਼ਖਮੀ ਨੂੰ ਹਸਪਤਾਲ ਲਿਜਾਉਣ ਵਿਚ ਵੀ ਦੇਰੀ ਹੋ ਗਈ।
Newsline Express
