???? ਕਈ ਪਿੰਡਾਂ ਵਿਚ ਚੱਲੀਆਂ ਗੋਲੀਆਂ ਤੇ ਕਈਆਂ ਵਿਚ ਹੋਈਆਂ ਝੜਪਾਂ…ਫਿਰ ਵੀ ਸਰਕਾਰ ਦਾ ਦਾਅਵਾ – ਅਮਨ-ਅਮਾਨ ਨਾਲ ਪਈਆਂ ਵੋਟਾਂ
ਪਟਿਆਲਾ, 15 ਅਕਤੂਬਰ: ਨਿਊਜ਼ਲਾਈਨ ਐਕਸਪ੍ਰੈਸ – ਚੋਣ ਕਮਿਸ਼ਨ ਵਲੋਂ ਗ੍ਰਾਮ ਪੰਚਾਇਤ ਚੋਣਾਂ ਲਈ 15 ਅਕਤੂਬਰ ਦਾ ਦਿਨ ਤੈਅ ਕੀਤਾ ਗਿਆ ਸੀ, ਜਿਸ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਸਵੇਰ ਤੋਂ ਹੀ ਕਈ ਪਿੰਡਾਂ ਵਿਚ ਲੋਕਾਂ ਨੇ ਕਤਾਰਾਂ ਵਿੱਚ ਖੜ੍ਹ ਕੇ ਵੋਟਾਂ ਪੁਗਤਾਈਆਂ ਪਰ ਕਈ ਥਾਵਾਂ ‘ਤੇ ਵੋਟਾਂ ਪੈਣ ਦੀ ਰਫ਼ਤਾਰ ਬਹੁਤ ਮੱਠੀ ਰਹੀ। ਪਰ ਦੇਰ ਬਾਅਦ ਦੁਪਹਿਰ ਅਜਿਹਾ ਪਤਾ ਨਹੀਂ ਕਿ ਵਾਪਰਿਆ ਕਿ ਲੋਕਾਂ ਨੇ ਰਾਤ 8 ਵਜੇ ਤੱਕ ਵੀ ਵੋਟਾਂ ਭੁਗਤਾਈਆਂ। ਵੋਟਾਂ ਭੁਗਤਾਉਣ ਤੋਂ ਬਾਅਦ ਹੀ ਚੋਣਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ। ਜਿਸ ਕਾਰਨ ਡਿਊਟੀ ਤੇ ਤੈਨਾਤ ਕਰਮਚਾਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖਾਣ ਪੀਣ ਦਾ ਸਮਾਂ ਨਹੀਂ ਮਿਲਿਆ ਤੇ ਕਈਆਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਉੱਤੇ ਸਵਾਲ ਉਠਾਏ।
ਪੰਜਾਬ ਦੇ ਕਈ ਪਿੰਡਾਂ ਵਿਚ ਲੜਾਈ – ਝਗੜਾ, ਖੂਨ – ਖਰਾਬੇ, ਗੋਲੀਆਂ ਚੱਲਣ, ਬੂਥ ਕੈਪਚਰਿੰਗ ਦੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ। ਇਸਦੇ ਬਾਵਜੂਦ ਵੀ ਪੰਜਾਬ ਦੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਕੁਝ ਲੋਕਾਂ ਦਾ ਕਹਿਣਾ ਹੈ ਕਿ ਚੋਣ ਸਿਸਟਮ ਪਿਛਲੀਆਂ ਹੋਈਆਂ ਚੋਣਾਂ ਤੋਂ ਵੀ ਜ਼ਿਆਦਾ ਬੱਦਤਰ ਹੁੰਦਾ ਜਾ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕਰਮਚਾਰੀ ਆਪਣੀਆਂ ਚੋਣਾਂ ਵਿਚ ਲੱਗੀਆਂ ਡਿਊਟੀਆਂ ਕਟਵਾਉਣ ਦੀ ਕੋਸ਼ਿਸ਼ ਕਰਦੇ ਹਨ।
ਖ਼ਬਰ ਲਿਖੇ ਜਾਣ ਤੱਕ ਵੀ ਕਈ ਪਿੰਡਾਂ ਵਿਚ ਵੋਟਾਂ ਦੀ ਗਿਣਤੀ ਜਾਰੀ ਸੀ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਡਿਊਟੀ ਤੇ ਤੈਨਾਤ ਕਰਮਚਾਰੀ ਕੱਲ੍ਹ ਸਵੇਰੇ ਹੀ ਆਪਣੇ ਘਰ ਪਹੁੰਚ ਸਕਣਗੇ। ਇਹ ਵੀ ਖਬਰਾਂ ਆ ਰਹੀਆਂ ਹਨ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਰੱਦ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਕਈ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਦੀਆਂ ਨੀਂਦਾਂ ਉੱਡੀਆਂ ਰਹੀਆਂ ਅਤੇ ਕਈਆਂ ਨੂੰ ਫੋਨ ਤੱਕ ਚੁੱਕਣ ਦਾ ਵੀ ਵਿਹਲ ਨਹੀਂ ਮਿਲਿਆ।
Newsline Express
