ਵੱਟਾਂ ‘ਤੇ ਝੋਨਾ ਲਗਾ ਕੇ ਧਰਤੀ ਹੇਠਲਾ ਪਾਣੀ ਬਚਾਉਣ ਦਾ ਸੁਨੇਹਾ ਦੇ ਗਿਆ ਨਾਭਾ ਦਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ
-ਕਿਸਾਨਾਂ ਦੇ ਚਿਹਰੇ ‘ਤੇ ਰੌਣਕ ਤੇ ਖੁਸ਼ਹਾਲੀ ਲਿਆਉਣੀ ਭਗਵੰਤ ਮਾਨ ਸਰਕਾਰ ਦਾ ਮੁੱਖ ਏਜੰਡਾ-ਗੁਰਦੇਵ ਸਿੰਘ ਦੇਵ ਮਾਨ
-ਜੇ ਪਾਣੀ ਨਾ ਰਿਹਾ ਤਾਂ ਕਰੋੜਾਂ ਦੀ ਜਮੀਨ ਕੱਖਾਂ ਦੀ ਵੀ ਨਹੀਂ ਰਹਿਣੀ-ਚੰਦਰ ਗੈਂਦ
-ਧਰਤੀ ਨੂੰ ਬਚਾਉਣ ਲਈ ਧਰਤੀ ਦੇ ਧੀਆਂ ਪੁੱਤਰ ਅੱਗੇ ਆਉਣ-ਸਾਕਸ਼ੀ ਸਾਹਨੀ
ਪਟਿਆਲਾ/ਨਾਭਾ, 12 ਅਪ੍ਰੈਲ : ਨਿਊਜ਼ਲਾਈਨ ਐਕਸਪ੍ਰੈਸ – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਦੇ ਸਹਿਯੋਗ ਨਾਲ ਇੱਥੇ ਪੰਜਾਬ ਫਾਰਮ ਵਿਖੇ ਲਗਾਇਆ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨਾ ਵੱਟਾਂ ‘ਤੇ ਲਾਉਣ ਦਾ ਸੁਨੇਹਾ ਦਿੰਦਿਆਂ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਅਤੇ ਖੁਸ਼ਹਾਲੀ ਲਿਆਉਣ ਦਾ ਮੁੱਖ ਏਜੰਡਾ ਲੈਕੇ ਚੱਲ ਰਹੀ ਹੈ। ਵਿਧਾਇਕ ਦੇਵ ਮਾਨ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਧਰਤੀ ਹੇਠਲਾ ਪਾਣੀ ਬਚਾਉਣ ਤੇ ਜਹਿਰ ਮੁਕਤ ਖੇਤੀ ਕਰਨ ਲਈ ਖੇਤੀ ਮਾਹਰਾਂ ਦੀ ਸਲਾਹ ਨਾਲ ਹੀ ਖੇਤੀ ਕਰਨ ਨੂੰ ਤਰਜੀਹ ਦੇਣ ਤਾਂ ਕਿ ਅਸੀਂ ਆਪਣੀ ਧਰਤੀ, ਪਾਣੀ, ਹਵਾ ਅਤੇ ਜਵਾਨੀ ਨੂੰ ਬਚਾ ਸਕੀਏ। ਦੇਵ ਮਾਨ ਨੇ ਕਿਹਾ ਕਿ ਖੇਤੀ ‘ਚ ਸਾਡੇ ਲੰਮੇ ਤਜ਼ਰਬੇ ਵੀ ਤਾਂ ਹੀ ਕੰਮ ਆਉਣਗੇ ਜੇਕਰ ਸਾਡੀ ਧਰਤੀ ਤੇ ਪਾਣੀ ਬਚ ਸਕਣਗੇ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਨੂੰ ਘਟਾਉਣ ਲਈ ਵੀ ਹੁਣ ਸਾਨੂੰ ਹੰਭਲਾ ਮਾਰਨਾ ਪੈਣਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਸਮੇਤ ਵੱਟਾਂ ਉਪਰ ਝੋਨਾ ਲਾਉਣ ਦੀ ਤਕਨੀਕ ਵਰਤਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਧਰਤੀ ਹੇਠਲਾ ਪਾਣੀ ਹੀ ਨਹੀਂ ਬਚੇਗਾ ਤਾਂ ਸਾਡੀਆਂ ਕਰੋੜਾਂ ਰੁਪਏ ਦੀਆਂ ਜਮੀਨਾਂ ਦੀ ਕੀਮਤ ਕੱਖ ਵੀ ਨਹੀਂ ਰਹਿਣੀ। ਚੰਦਰ ਗੈਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ, ਧਰਤੀ ਦੇ ਪਾਣੀ ਦੇ ਦਿਨੋਂ-ਦਿਨ ਘੱਟਦੇ ਜਾ ਰਹੇ ਪੱਧਰ ‘ਤੇ ਚਿੰਤਤ ਹਨ, ਜਿਸ ਲਈ ਮੁੱਖ ਮੰਤਰੀ ਨੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਜਾਂ ਵੱਟਾਂ ‘ਤੇ ਝੋਨਾ ਲਾਉਣ ਲਈ ਪ੍ਰੇਰਤ ਕੀਤਾ ਜਾਵੇ ਤਾਂ ਕਿ ਧਰਤੀ ਹੇਠਲਾ ਪਾਣੀ ਬਚ ਸਕੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਉਸਦੇ ਧੀਆਂ-ਪੁੱਤਰਾਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਸ਼ੁੱਧ ਹਵਾ ਪਾਣੀ ਤੇ ਉਪਜਾਊ ਧਰਤੀ ਵਿਰਾਸਤ ‘ਚ ਦੇਣ ਲਈ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਖੇਤੀਬਾੜੀ ਅਤੇ ਸਹਾਇਕ ਧੰਦਿਆਂ ‘ਚ ਔਰਤਾਂ ਦੀ ਭਾਗੀਦਾਰੀ ਵਧਾਉਣ ‘ਤੇ ਵੀ ਜ਼ੋਰ ਦਿੱਤਾ।
ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਨਾਲ ਸੰਪਰਕ ਕਰਨ। ਉਨ੍ਹਾਂ ਨੇ ਕਿਸਾਨਾ ਦਾ ਇੱਕ ਵਟਸਐਪ ਗਰੁੱਪ ਬਣਾ ਕੇ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਤੇ ਖੇਤੀਬਾੜੀ ਦੀ ਨਵੀਨਤਮ ਜਾਣਕਾਰੀ ਸਾਂਝੀ ‘ਤੇ ਵੀ ਜ਼ੋਰ ਦਿੱਤਾ।
ਸਉਣੀ ਦੀਆਂ ਫ਼ਸਲਾਂ ਸਬੰਧੀਂ ਲਗਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀ ਮੌਕੇ ਸਿਰਕੱਢ ਕਿਸਾਨਾਂ, ਸੁਰਜੀਤ ਸਿੰਘ ਸਾਧੂਗੜ੍ਹ ਤੇ ਨਵਜੋਤ ਪੂਨੀਆ ਨੇ ਝੋਨੇ ਦੀ ਪਨੀਰੀ ਕੱਦੂ ਕਰਕੇ ਲਗਾਉਣ ਦੇ ਰਵਾਇਤੀ ਢੰਗ ਦੀ ਥਾਂ ਸਿੱਧੀ ਬਿਜਾਈ ਅਤੇ ਵੱਟਾਂ ‘ਤੇ ਝੋਨਾ ਲਾਉਣ ਵਾਲੀ ਤਕਨੀਕ ਅਪਣਾਉਣ ਤੋਂ ਇਲਾਵਾ ਰਾਜਮੋਹਨ ਸਿੰਘ ਕਾਲੇਕਾ ਤੇ ਬੀਰਦਲਵਿੰਦਰ ਸਿੰਘ ਨੇ ਜਹਿਰ ਮੁਕਤ ਖੇਤੀ ਤੇ ਫ਼ਸਲੀ ਰਹਿੰਦ-ਖੂੰਹਦ ਦੀ ਬਿਹਤਰ ਸੰਭਾਲ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ।
ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਦੇ ਤਕਨੀਕੀ ਸ਼ੈਸ਼ਨ ‘ਚ ਖੇਤੀਬਾੜੀ, ਫ਼ਸਲਾਂ ਤੇ ਪਸ਼ੂਆਂ ਦੀ ਸਾਂਭ-ਸੰਭਾਂਲ, ਫ਼ਸਲੀ ਰਹਿੰਦ-ਖੂੰਹਦ ਦਾ ਸਦਉਪਯੋਗ ਦੀ ਜਾਣਕਾਰੀ ਦਿੱਤੀ ਗਈ। ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਸਵਾਗਤ ਕੀਤਾ, ਏ.ਡੀ.ਓ. ਡਾ. ਅਵਨਿੰਦਰ ਮਾਨ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਏ.ਡੀ.ਸੀ. (ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਨਾਭਾ ਕੰਨੂ ਗਰਗ, ਸੰਯੁਕਤ ਡਾਇਰੈਕਟਰ ਡਾ. ਹਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਭਾਗੀ ਅਧਿਕਾਰੀ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।