ਸਭ ਦਾ ਸਰਬ ਸਾਂਝਾ ਤਿਉਹਾਰ – ਵਿਸਾਖੀ
ਅਪ੍ਰੈਲ ਦੇ ਮਹੀਨੇ ਵਿੱਚ ਕਣਕ ਦੀ ਫ਼ਸਲ ਪੱਕ ਜਾਂਦੀ ਹੈ ਅਤੇ ਪੱਕੀ ਕਣਕ ਧਰਤੀ ਦੀ ਹਿੱਕ ਉੱਤੇ ਇੱਕ ਸੁਨਹਿਰੀ ਚਾਦਰ ਤਣੀ ਲੱਗਦੀ ਹੈ। ਪੱਕੀ ਫਸਲ ਤੱਕ ਕੇ ਕਿਸਾਨਾਂ ਦੇ ਚਿਹਰਿਆਂ ਉੱਪਰ ਖੁਸ਼ੀ ਦੀ ਲਹਿਰ ਹੁੰਦੀ ਹੈ। ਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਵਿੱਚ ਝਾਕੀਆਂ ਚਾਨਣੀਆਂ ਅਤੇ ਸੱਪਾਂ ਦੀਆਂ ਮਿੱਧੀਆਂ ਸਿਰੀਆਂ ਵਾਲੀ ਛੇ ਮਹੀਨਿਆਂ ਦੀ ਕਿਸਾਨ ਦੀ ਹੱਡ ਭੰਨਵੀਂ ਮਿਹਨਤ ਨੂੰ ਬੂਰ ਪਿਆ ਹੁੰਦਾ ਹੈ, ਕਿਉਂਕਿ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ। ਪੰਜਾਬ ਵਿੱਚ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ, ਪਰ ਵਿਸਾਖੀ ਦਾ ਤਿਉਹਾਰ ਹਾੜ੍ਹੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਅਪ੍ਰੈਲ ਮਹੀਨੇ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਵਿਸਾਖੀ ਦੇ ਤਿਉਹਾਰ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਵਿਸਾਖੀ ਦਾ ਮੇਲਾ ਸਭ ਦਾ ਸਾਂਝਾ ਤਿਉਹਾਰ ਹੈ। ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਹੀ ਮਸ਼ਹੂਰ ਹੈ –
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ 13 ਅਪ੍ਰੈਲ, 1699 ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਗੁਰੂ ਜੀ ਨੇ ਪੰਜ ਪੀਰਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਪੰਜ ਪਿਆਰਿਆਂ ਦਾ ਨਾਂ ਦਿੱਤਾ ਸੀ ਅਤੇ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛੱਕ ਕੇ ਅਲੌਕਿਕ ਕਾਰਜ ਕੀਤਾ ਸੀ। ਹੁਣ ਵੀ ਵਿਸਾਖੀ ਵਾਲੇ ਦਿਨ ਹਰ ਸਾਲ ਗੁਰਦੁਆਰਾ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇੱਕਠ ਜੁੜਦਾ ਹੈ l ਇਸ ਦਿਨ ਇੱਥੇ ਭਾਰੀ ਰੌਣਕਾਂ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ।
ਵਿਸਾਖੀ ਦਾ ਮੇਲਾ ਤਲਵੰਡੀ ਸਾਬੋ ਦਮਦਮਾ ਸਾਹਿਬ ਵਿੱਚ ਵੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦੇ ਮੇਲੇ ਤੇ ਬਹੁਤ ਹੀ ਦੂਰੋਂ-ਦੂਰੋਂ ਸਿੱਖ ਸੰਗਤਾਂ ਇੱਥੇ ਆ ਕੇ ਦਮਦਮਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ। ਬਠਿੰਡਾ ਵਿੱਚ ਵੀ ਵਿਸਾਖੀ ਦਾ ਮੇਲਾ ਵੇਖਣਯੋਗ ਹੁੰਦਾ ਹੈ। ਲੋਕ ਨਵੇਂ-ਨਵੇਂ ਕੱਪੜੇ ਪਾ ਕੇ ਮੇਲਾ ਵੇਖਣ ਜਾਂਦੇ ਹਨ। ਬੱਚੇ ਝੂਲਿਆਂ ਤੇ ਝੂਟੇ ਲੈ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਹਾੜੀ ਦੀ ਵਾਢੀ ਸ਼ੁਰੂ ਕਰਨ ਲਈ ਮਹੂਰਤ ਵੀ ਕਰਦੇ ਹਨ। ਇਸ ਦਿਨ ਲੋਕਾਂ ਦੇ ਮਨਾਂ ਵਿੱਚ ਬੜਾ ਚਾਅ, ਉਲਾਸ ਅਤੇ ਉਤਸ਼ਾਹ ਹੁੰਦਾ ਹੈ।.
-ਕਰਮਜੀਤ ਕੌਰ ਮਾਨਸ਼ਾਹੀਆ
ਮਾਨਸਾ