???? ਵਰਦੀਆਂ ਵਾਲੇ ਜਵਾਨ ਸਾਡੇ ਜਾਨ, ਮਾਲ, ਮਾਣ ਸਨਮਾਨ ਤੇ ਸੁਰੱਖਿਆ ਦੇ ਰਖਵਾਲੇ : ਕਾਕਾ ਰਾਮ ਵਰਮਾ
???? ਵਿਦਿਆਰਥੀਆਂ ਨੇ ਵਰਦੀਧਾਰੀ ਸੈਨਿਕਾਂ ਦਾ ਸਭ ਦੀ ਰਾਖੀ ਲਈ ਕੀਤਾ ਧੰਨਵਾਦ
???? ਚੰਗੇ ਵਿਦਿਆਰਥੀ ਅਤੇ ਚੰਗੇ ਨਾਗਰਿਕ ਹੀ ਵਿਕਾਸਸ਼ੀਲ ਦੇਸ਼ ਦੇ ਭਵਿੱਖ ਹੁੰਦੇ ਹਨ : ਪੁਲਿਸ ਅਧਿਕਾਰੀ
???? ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਸਾਡੀ ਰਾਖੀ ਕਰਦੇ ਹਨ ਸੈਨਿਕ : ਪ੍ਰਿੰਸਿਪਲ ਸਰਲਾ ਭਟਨਾਗਰ
ਪਟਿਆਲਾ, 26 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਦਿਵਾਲੀ ਮੌਕੇ ਜਿਥੇ ਸਾਰੇ ਲੋਕ ਛੁੱਟੀਆਂ ਮਨਾਉਂਦੇ ਹੋਏ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਖੁਸ਼ੀਆਂ ਮਣਾਉਣ ਲਈ ਸੱਜ ਧੱਜ ਕੇ ਅਨੰਦ ਮਾਣ ਰਹੇ ਹੁੰਦੇ ਹਨ, ਉਸ ਵੇਲੇ ਪੁਲਿਸ, ਆਰਮੀ, ਫਾਇਰ ਬ੍ਰਿਗੇਡ ਅਤੇ ਮੈਡੀਕਲ ਖੇਤਰ ਦੇ ਡਾਕਟਰ, ਨਰਸਾਂ, ਸਟਾਫ਼ ਮੈਂਬਰ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਸਾਡੇ ਸਾਰਿਆਂ ਦੇ ਜਾਨ, ਮਾਲ, ਮਾਣ ਸਨਮਾਨ, ਖੁਸ਼ੀਆਂ ਅਤੇ ਜ਼ਿੰਦਗੀਆਂ ਦੀ ਰਖਵਾਲੀ ਕਰ ਰਹੇ ਹੁੰਦੇ ਹਨ, ਉਹ ਵੀ ਦਿਨ ਰਾਤ ਲਗਾਤਾਰ ਡਿਊਟੀਆਂ ਕਰਕੇ। ਉਨ੍ਹਾਂ ਦੇ ਇਨ੍ਹਾਂ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲਾ ਦੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਕੈਰੀਅਰ ਅਕੈਡਮੀ ਪਟਿਆਲਾ ਦੇ ਐਨ.ਸੀ.ਸੀ, ਸਕਾਊਟ ਗਾਈਡ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਦੇ ਦਫ਼ਤਰ ਵਿਖੇ ਜਾ ਕੇ ਕਰਮਚਾਰੀਆਂ ਅਤੇ ਜਵਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਭ ਦੀ ਚੰਗੀ ਸਿਹਤ, ਤਦੰਰੁਸਤੀ, ਸੁਰੱਖਿਆ, ਸਨਮਾਨ, ਉੱਨਤੀ ਤੇ ਖ਼ੁਸ਼ਹਾਲੀ ਲਈ ਅਰਦਾਸਾਂ ਕੀਤੀਆਂ। ਬੱਚਿਆਂ ਦੇ ਨਾਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ, ਪ੍ਰਿੰਸੀਪਲ ਸ਼੍ਰੀਮਤੀ ਪੂਨਮ ਧੀਮਾਨ, ਸਮਾਜ ਸੇਵਕ ਸ੍ਰੀ ਕਾਕਾ ਰਾਮ ਵਰਮਾ, ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ, ਕਾਉਂਸਲਰ ਅਮਰਜੀਤ ਕੌਰ, ਰਣਜੀਤ ਕੌਰ ਅਤੇ ਸਕੂਲਾਂ ਦੇ ਸਟਾਫ ਮੈਂਬਰ ਵੀ ਹਾਜ਼ਰ ਰਹੇ। ਸ਼੍ਰੀ ਹਰਦੀਪ ਸਿੰਘ ਬਡੂੰਗਰ ਡਿਪਟੀ ਸੁਪਰਡੈਂਟ ਆਫ ਪੁਲਿਸ ਅਤੇ ਇੰਸਪੈਕਟਰ ਝਿਰਮਲ ਸਿੰਘ ਇੰਚਾਰਜ ਸਾਂਝ ਕੇਂਦਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਸੇਵੀ ਵਰਕਰਾਂ ਦਾ ਆਪਣੇ ਦਫ਼ਤਰ ਵਿਖੇ ਸਵਾਗਤ ਕਰਦੇ ਹੋਏ ਕਿਹਾ ਕਿ ਚੰਗੇ ਵਿਦਿਆਰਥੀ ਅਤੇ ਚੰਗੇ ਨਾਗਰਿਕ ਹੀ ਵਿਕਾਸਸ਼ੀਲ ਦੇਸ਼ ਦੇ ਭਵਿੱਖ ਹੁੰਦੇ ਹਨ। ਇਸ ਲਈ ਸਮਾਜ, ਪਰਿਵਾਰ, ਸੰਸਥਾਵਾਂ ਦੇ ਨਾਲ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ ਦਾ ਖਿਆਲ ਰੱਖਦੇ ਹੋਏ ਫਰਜ਼ਾਂ, ਵਫ਼ਾਦਾਰੀਆਂ ਤੇ ਜਿੰਮੇਵਾਰੀਆਂ ਨਿਭਾਉਣ ਲਈ ਯਤਨਸ਼ੀਲ ਅਤੇ ਨਸ਼ਿਆਂ ਅਪਰਾਧਾਂ ਤੇ ਆਰਾਮ ਪ੍ਰਸਤੀਆ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।
ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਸਾਡੀ ਰਾਖੀ ਕਰਦੇ ਹਨ ਸੈਨਿਕ, ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਹਮੇਸ਼ਾ ਧੰਨਵਾਦੀ ਹੋਣਾ ਚਾਹੀਦਾ ਹੈ।
ਅਧਿਆਪਕਾਂ ਤੇ ਬੱਚਿਆਂ ਦੇ ਇਸ ਉਪਰਾਲੇ ਦੀ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੇ ਭਰਪੂਰ ਪ੍ਰਸੰਸਾ ਕੀਤੀ।
Newsline Express