newslineexpres

Home Information ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜਵੰਦਾਂ ਲਈ ਸਾਰੀਆਂ ਸਬ ਡਵੀਜਨਾਂ ‘ਚ ਬਣਾਏ ਰੈਣ ਬਸੇਰੇ-ਸਾਕਸ਼ੀ ਸਾਹਨੀ

ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜਵੰਦਾਂ ਲਈ ਸਾਰੀਆਂ ਸਬ ਡਵੀਜਨਾਂ ‘ਚ ਬਣਾਏ ਰੈਣ ਬਸੇਰੇ-ਸਾਕਸ਼ੀ ਸਾਹਨੀ

by Newslineexpres@1

ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜਵੰਦਾਂ ਲਈ ਸਾਰੀਆਂ ਸਬ ਡਵੀਜਨਾਂ ‘ਚ ਬਣਾਏ ਰੈਣ ਬਸੇਰੇ-ਸਾਕਸ਼ੀ ਸਾਹਨੀ
-ਪਟਿਆਲਾ ਸ਼ਹਿਰ ‘ਚ 5 ਰੈਣ ਬਸੇਰਿਆਂ ਸਮੇਤ ਬਾਕੀ ਸਬ ਡਵੀਜ਼ਨਾਂ ਵਿਖੇ ਵੀ ਔਰਤਾਂ ਤੇ ਮਰਦਾਂ ਲਈ ਵੱਖੋ-ਵੱਖਰੇ ਰੈਣ ਬਸੇਰੇ ਸਥਾਪਤ
-ਠੰਢ ਦੇ ਮੌਸਮ ‘ਚ ਬੇਘਰੇ ਤੇ ਲੋੜਵੰਦਾਂ ਨੂੰ ਮਿਲੇਗੀ ਰਾਤ ਰਹਿਣ ਲਈ ਢੁਕਵੀਂ ਜਗ੍ਹਾ, ਲੋਕ ਅਜਿਹੇ ਬੇਘਰਿਆਂ ਨੂੰ ਰੈਣ ਬਸੇਰਿਆਂ ਵਿਖੇ ਭੇਜਣ-ਡਿਪਟੀ ਕਮਿਸ਼ਨਰ

ਪਟਿਆਲਾ, 6 ਦਸੰਬਰ: ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਅੰਦਰ ਲੋੜਵੰਦਾਂ ਲਈ ਰੈਣ ਬਸੇਰੇ ਬਣਾਏ ਹਨ, ਜਿੱਥੇ ਠੰਢ ਦੇ ਇਸ ਮੌਸਮ ਵਿੱਚ ਸੜਕਾਂ ਕਿਨਾਰੇ ਰਾਤਾਂ ਗੁਜ਼ਾਰਨ ਵਾਲੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਰਾਤ ਸਮੇਂ ਸੌਣ ਲਈ ਬਿਸਤਰਾ ਅਤੇ ਸਿਰ ‘ਤੇ ਛੱਤ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਟਿਆਲਾ, ਰਾਜਪੁਰਾ, ਸਮਾਣਾ, ਨਾਭਾ ਅਤੇ ਪਾਤੜਾਂ ਵਿਖੇ ਇਹ ਸੁਵਿਧਾ ਲੋੜਵੰਦਾਂ ਲਈ ਉਪਲਬੱਧ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਵਿਖੇ ਨਗਰ ਨਿਗਮ ਵੱਲੋਂ ਅਤੇ ਐਸ.ਡੀ.ਐਮਜ਼ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੀਆਂ ਬਾਕੀ ਨਗਰ ਕੌਂਸਲਾਂ ਵੱਲੋਂ ਰੈਣ ਬਸੇਰੇ ਸਥਾਪਤ ਕੀਤੇ ਗਏ ਹਨ ਤਾਂ ਕਿ ਠੰਢ ਦੇ ਇਸ ਮੌਸਮ ਵਿੱਚ ਬੇਘਰੇ ਲੋਕਾਂ ਨੂੰ ਰਾਤਾਂ ਨੂੰ ਸੌਣ ਲਈ ਬਿਸਤਰਾ ਮਿਲ ਸਕੇ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਖੇ ਨਗਰ ਨਿਗਮ ਵੱਲੋਂ ਦੋ ਸਥਾਈ ਰੈਣ ਬਸੇਰੇ ਸਥਾਪਤ ਕੀਤੇ ਗਏ ਹਨ, ਇਨ੍ਹਾਂ ਵਿੱਚੋਂ ਇੱਕ ਮੰਦਿਰ ਸ੍ਰੀ ਕਾਲੀ ਦੇਵੀ ਦੇ ਪਿਛਲੇ ਪਾਸੇ ਨੇੜੇ ਧੋਬਘਾਟ ਤੇ ਦੂਸਰਾ ਨਹਿਰੂ ਪਾਰਕ ਨੇੜੇ ਪਰਸ਼ੂਰਾਮ ਚੌਂਕ ਵਿਖੇ, ਇਹ ਦੋਵੇਂ ਮਰਦਾਂ ਤੇ ਔਰਤਾਂ ਲਈ ਵੱਖੋ-ਵੱਖਰੇ ਰੈਣ ਬਸੇਰੇ ਹਨ। ਇਸ ਤੋਂ ਬਿਨ੍ਹਾਂ ਬੱਸ ਸਟੈਂਡ ਨੇੜੇ ਪੁਲ ਦੇ ਥੱਲੇ, ਖੰਡਾ ਚੌਂਕ ਤੇ ਸ੍ਰੀ ਕਾਲੀ ਦੇਵੀ ਮੰਦਿਰ ਦੇ ਬਾਹਰਲੇ ਪਾਸੇ ਆਰਜੀ ਰੈਣ ਬਸੇਰੇ ਵੀ ਸਥਾਪਤ ਕੀਤੇ ਗਏ ਹਨ। ਇਨ੍ਹਾਂ ਦੇ ਨੋਡਲ ਅਫ਼ਸਰ ਸੁਪਰਵਾਈਜ਼ਰ ਪ੍ਰਦੀਪ ਕੁਮਾਰ ਫੋਨ ਨੰਬਰ 95019-46200 ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿਖੇ ਟਾਊਨ ਹਾਲ ਵਿੱਚ ਰੈਣ ਬਸੇਰਾ ਸਥਾਪਤ ਕੀਤਾ ਗਿਆ ਹੈ, ਜਿੱਥੇ ਕਿ ਰਾਜੀਵ ਸ਼ਰਮਾ ਫੋਨ ਨੰਬਰ 7986228359 ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ। ਸਮਾਣਾ ਵਿਖੇ ਫਾਇਰ ਬ੍ਰਿਗੇਡ ਦਫ਼ਤਰ ‘ਚ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਣਾਇਆ ਗਿਆ ਹੈ, ਜਿੱਥੇ ਸੈਨੇਟਰੀ ਇੰਸਪੈਕਟਰ ਬੋਬੀ ਕੁਮਾਰ, ਫੋਨ 78142-21513 ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਹੀ ਨਾਭਾ ਵਿਖੇ ਨਗਰ ਕੌਂਸਲ ਦਫ਼ਤਰ ਨੇੜੇ ਰੈਣ ਬਸੇਰਾ ਬਣਾਇਆ ਗਿਆ ਹੈ, ਜਿਸ ਦਾ ਨੋਡਲ ਅਫ਼ਸਰ ਕਲਰਕ ਅਸ਼ਵਨੀ ਕੁਮਾਰ ਫੋਨ ਨੰਬਰ 96462-00359 ਨੂੰ ਲਗਾਇਆ ਗਿਆ ਹੈ। ਜਦਕਿ ਪਾਤੜਾਂ ਵਿਖੇ ਨਗਰ ਕੌਂਸਲਰ ਵਿਖੇ ਬਣਾਏ ਗਏ ਰੈਣ ਬਸੇਰੇ ਵਿਖੇ ਸੈਨਟਰੀ ਇੰਸਪੈਕਟਰ ਜੀਤ ਰਾਮ ਫੋਨ ਨੰਬਰ 83606-88108 ਨੋਡਲ ਅਫ਼ਸਰ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰੈਣ ਬਸੇਰਿਆਂ ਵਿਖੇ ਨਹਾਉਣ ਲਈ ਗਰਮ ਪਾਣੀ, ਫਸਟ ਏਡ ਕਿਟ, ਸਾਫ਼-ਸੁਥਰੇ ਬਿਸਤਰੇ, ਸੀ.ਸੀ.ਟੀ.ਵੀ. ਕੈਮਰੇ, ਆਰ.ਓ ਪਾਣੀ ਅਤੇ ਅੱਗ ਬੁਝਾਊ ਯੰਤਰਾਂ ਤੋਂ ਇਲਾਵਾ ਸੁਰੱਖਿਆ ਦਾ ਵੀ ਇੰਤਜਾਮ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਅਜਿਹੇ ਬੇਘਰੇ ਲੋਕਾਂ ਨੂੰ ਇਨ੍ਹਾਂ ਰੈਣ ਬਸੇਰਿਆਂ ਵਿਖੇ ਭੇਜਿਆ ਜਾਵੇ ਤਾਂ ਕਿ ਇਹ ਠੰਢ ਦੇ ਮੌਸਮ ‘ਚ ਰਾਤਾਂ ਬਾਹਰ ਖੁੱਲੇ ਅਸਮਾਨ ਹੇਠਾਂ ਨਾ ਗੁਜਾਰਨ।

Related Articles

Leave a Comment