ਜ਼ਿੰਦਗੀ
ਜ਼ਿੰਦਗੀ ਬੜੀ ਲੰਮੀ ਹੈ ਜਾਂ ਜ਼ਿੰਦਗੀ ਬਹੁਤ ਛੋਟੀ ਹੈ। ਬਸ ਇਹੀ ਵਿਚਾਰ ਹਰ ਇੱਕ ਦੇ ਦਿਮਾਗ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ। ਅੱਜ ਜਦੋਂ ਮੈਂ ਕਈ ਦਿਨਾਂ ਬਾਅਦ ਸਕੂਲ ਗਈ ਤਾਂ ਉੱਥੋਂ ਦੀ ਇੱਕ ਲੜਕੀ ਜਿਸ ਦੀ ਮਾਂ ਮਿਡ—ਡੇ—ਮੀਲ ਵਿੱਚ ਕੰਮ ਕਰਦੀ ਹੈ, ਨੇ ਦੱਸਿਆ ਕਿ ਮੈਨੂੰ ਹਰ ਸਾਲ ਮਈ ਮਹੀਨੇ ਵਿੱਚ ਟਾਈਫਾਈਡ ਬੁਖਾਰ ਹੋ ਜਾਂਦਾ ਹੈ। ਮੇਰੀ ਦਵਾਈ ਸਰਕਾਰੀ ਹਸਪਤਾਲ ਤੋਂ ਚੱਲ ਰਹੀ ਹੈ ਤਾਂ ਮੈਂ ਪੁਛਿਆ ਕਿ ਕੋਈ ਹੋਰ ਸਮੱਸਿਆ ਤਾਂ ਨਹੀਂ ਤਾਂ ਉਸਨੇ ਦੱਸਿਆ ਕਿ ਨਹੀਂ। ਉਹ ਕਹਿੰਦੀ ਕਣਕ ਦੀ ਵਾਢੀ ਸਮੇਂ ਘੱਟਾ ਮਿੱਟੀ ਉੱਡਦਾ ਹੈ ਤੇ ਨਾਲ ਗਰਮੀ ਹੋ ਜਾਣ ਕਾਰਨ ਮੈਨੂੰ ਇਹ ਸਮੱਸਿਆ ਆਉਂਦੀ ਹੈ। ਅਜੇ ਇਹ ਗੱਲ ਸੁਣ ਕੇ ਮੈਂ ਆਪਣਾ ਪੀਰੀਅਡ ਲੈਣ ਹੀ ਜਾ ਰਹੀ ਸੀ ਕਿ ਸਕੂਲ ਵਿੱਚ ਆਇਰਨ ਦੀਆਂ ਗੋਲੀਆਂ ਦੇਣ ਵਾਲੇ ਮੈਡਮ ਆ ਗਏ। ਉਹਨਾਂ ਦੀ ਬੇਟੀ ਦਾ ਹਾਲ-ਚਾਲ ਪੁਛਿਆ ਜੋ ਕਿ ਕਾਫ਼ੀ ਸਮੇਂ ਤੋਂ ਬਿਮਾਰ ਸੀ। ਉਹਨਾਂ ਦੱਸਿਆ ਕਿ ਉਸਨੂੰ ਦਿਲ ਦੇ ਡਾਕਟਰ ਕੋਲ ਇਲਾਜ ਲਈ ਭੇਜ ਦਿੱਤਾ ਹੈ। ਉਮਰ ਕੋਈ 16 ਸਾਲ ਦੀ ਹੀ ਸੀ। ਇਹ ਗੱਲ ਖਤਮ ਹੋਈ ਹੀ ਸੀ ਤਾਂ ਉਹ ਆਪ ਹੀ ਦੱਸਣ ਲੱਗ ਗਏ ਕਿ ਮੇਰੀ ਭਾਬੀ ਦੀ ਮੌਤ ਹੋ ਗਈ ਹੈ ਜੋ ਕਿ ਇੱਕ ਅਧਿਆਪਕਾ ਸਨ ਉਹਨਾਂ ਨੂੰ ਕੈਂਸਰ ਹੋ ਗਿਆ ਸੀ। ਮੈਂ ਸੋਚਿਆ ਕਿ ਅੱਜ ਦੋ ਘੰਟਿਆਂ ਦੇ ਵਿੱਚ ਮੈਨੂੰ ਦੋ ਜਾਣੇ ਹੀ ਮਿਲੇ ਹਨ ਤੇ ਬਿਮਾਰੀ ਤੋਂ ਇਲਾਵਾ ਕੋਈ ਹੋਰ ਗੱਲਬਾਤ ਹੀ ਨਹੀਂ ਕੀਤੀ।
ਹੁਣ ਸਮਝ ਨਹੀਂ ਆ ਰਹੀ ਕਿ ਅਸੀਂ ਬਿਮਾਰ ਹੋ ਰਹੇ ਹਾਂ ਜਾਂ ਫਿਰ ਬਿਮਾਰੀਆਂ ਨੂੰ ਆਵਾਜ਼ਾਂ ਮਾਰ ਰਹੇ ਹਾਂ।
ਰਾਜਵਿੰਦਰ ਕੌਰ ਜੋਸਨ
94640-43516