ਸੂਰਮੇ ਬਣਦੇ ਨਾਲ ਦਲੇਰੀਆਂ ਦੇ,
ਉਂਝ ਮਾਂਵਾਂ ਕਿੰਨੇ ਪੁੱਤ ਜੰਮਦੀਆਂ ਨੇ,
ਸਰਦਾਰ ਭਗਤ ਸਿੰਘ ਵਰਗੇ ਸੂਰਮੇ ਨੂੰ ਦੇਖ,
ਹਨੇਰੀਆਂ ਵੀ ਥੰਮਦੀਆਂ ਨੇ….
ਭਾਰਤ ਦੀ ਇਸ ਧਰਤੀ ‘ਤੇ ਬਹੁਤ ਸਾਰੇ ਉੱਘੇ ਆਜ਼ਾਦੀ ਘੁਲਾਟੀਆਂ ਦਾ ਜਨਮ ਹੋਇਆ। ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਹਨਾਂ ਸੁਤੰਤਰਤਾ ਸੰਗਰਾਮੀਆਂ ਨੇ ਆਪਣੀ ਵੱਖਰੀ ਜਾਤ ਅਤੇ ਧਰਮ ਦੇ ਬਾਵਜੂਦ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲਿਆ। ਆਜ਼ਾਦੀ ਘੁਲਾਟੀਆਂ ਬਾਰੇ ਗੱਲ ਕਰਦਿਆਂ ਭਗਤ ਸਿੰਘ ਦਾ ਨਾਂ ਸਭ ਤੋਂ ਪਹਿਲਾਂ ਸਾਡੇ ਜ਼ਿਹਨ ‘ਚ ਆਉਂਦਾ ਹੈ। ਭਗਤ ਸਿੰਘ ਦਾ ਨਾਂ ਲੈਂਦਿਆਂ ਅੱਜ ਵੀ ਸਾਡਾ ਖੂਨ ਖੋਲਣ ਲੱਗ ਪੈਂਦਾ ਹੈ। ਦੇਸ਼ ਦੀ ਸੁਤੰਤਰਤਾ ਲਈ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਸਭ ਕੁੱਝ ਬਲੀਦਾਨ ਕਰ ਦਿੱਤਾ, ਉਸਦਾ ਉਦਾਹਰਣ ਮਿਲਣਾ ਮੁਸ਼ਕਲ ਹੈ। ਇਤਿਹਾਸਕਾਰਾਂ ਨੇ ਉਹਨਾਂ ਨੂੰ ‘ਸ਼ਹੀਦੇ ਆਜ਼ਮ’ ਕਹਿ ਕੇ ਸਤਿਕਾਰਿਆ ਹੈ। ਭਗਤ ਸਿੰਘ, ਭਾਰਤੀ ਰਾਸ਼ਟਰਵਾਦੀ ਅੰਦੋਲਨ ਦੇ ਸਭ ਤੋਂ ਪ੍ਰਭਾਵਸ਼ਾਲੀ ਇਨਕਲਾਬੀਆਂ ਵਿੱਚੋਂ ਇੱਕ ਸੀ। ਭਾਰਤੀ ਆਜ਼ਾਦੀ ਲਹਿਰ ਦੇ ਸਭ ਤੋਂ ਪ੍ਰਭਾਵਸ਼ਾਲੀ ਕ੍ਰਾਂਤੀਕਾਰ, ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਸੀ। ਉਹ ਬਹੁਤ ਛੋਟੀ ਉਮਰੇ ਹੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਸਿਰਫ਼ 23 ਸਾਲਾਂ ਦੀ ਉਮਰ ‘ਚ ਹੀ ਸ਼ਹੀਦੀ ਨੂੰ ਪ੍ਰਾਪਤ ਹੋ ਗਿਆ ਸੀ। ਸ਼ਹੀਦ ਭਗਤ ਸਿੰਘ ਨੂੰ ‘ਯੂਥ ਆਈਕਨ’ ਜਾਂ ‘ਨੌਜਵਾਨਾਂ ਦਾ ਇਨਕਲਾਬੀ’ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅੱਜ ਅਸੀਂ ਸ਼ਹੀਦ ਭਗਤ ਸਿੰਘ ਦਾ 114ਵਾਂ ਜਨਮਦਿਨ ਮਨਾਉਣ ਜਾ ਰਹੇ ਹਾਂ।
ਜਦੋਂ ਸਰਦਾਰ ਭਗਤ ਸਿੰਘ ਵਰਗੇ ਪੁੱਤ ਪੈਦਾ ਹੁੰਦੇ ਹਨ, ਤਾਂ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਦੇਸ਼ ਅਤੇ ਕੌਮ ਦਾ ਨਾਂ ਵੀ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ‘ਚ ਲਿੱਖ ਜਾਂਦੇ ਹਨ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ, ਪੰਜਾਬ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ)ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਇਹ ਇੱਕ ਜੱਟ ਸਿੱਖ ਪਰਿਵਾਰ ਸੀ, ਜਿਸਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਭਗਤ ਸਿੰਘ ਦੇ ਜਨਮ ਸਮੇਂ ਉਸ ਦੇ ਪਿਤਾ ਅਤੇ ਦੋ ਚਾਚਿਆਂ ਦੀ ਜੇਲ੍ਹ ‘ਚੋਂ ਰਿਹਾਈ ਹੋਈ ਸੀ। ਜਿਸ ਕਾਰਨ ਭਗਤ ਸਿੰਘ ਦੀ ਦਾਦੀ ਉਸਨੂੰ ‘ਭਾਗਾਂ ਵਾਲਾ‘ ਕਹਿ ਕੇ ਬੁਲਾਉਂਦੀ ਸੀ। ਸਰਦਾਰ ਭਗਤ ਸਿੰਘ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਹੁਣ ਨਵਾਂ ਸ਼ਹਿਰ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਨਗਰ‘ ਰੱਖ ਦਿੱਤਾ ਗਿਆ ਹੈ। ਸਰਦਾਰ ਭਗਤ ਸਿੰਘ ਨੂੰ ਆਜ਼ਾਦੀ ਦੀ ਗੁੜ੍ਹਤੀ ਪਰਿਵਾਰ ਵਲੋਂ ਹੀ ਮਿਲੀ ਸੀ।
ਸਰਦਾਰ ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਲਈ ਅਤੇ 1916-17 ‘ਚ ਡੀ.ਏ.ਵੀ. ਸਕੂਲ ਲਾਹੌਰ ‘ਚ ਦਾਖ਼ਲ ਹੋ ਗਿਆ। ਇਸ ਸਕੂਲ ਨੂੰ ਅੰਗਰੇਜ਼ਾਂ ਵਲੋਂ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ‘ ਕਿਹਾ ਗਿਆ ਸੀ। ਇਸ ਸਕੂਲ ‘ਚ ਪੜ੍ਹਦਿਆਂ ਹੀ ਉਨ੍ਹਾਂ ਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਸਿੱਖੀਆਂ ਅਤੇ ਉਮਰ ਦੇ ਵੱਖ-ਵੱਖ ਪੜਾਅਵਾਂ ਦੇ ਮੱਦੇਨਜ਼ਰ ਗੁਰਮੁੱਖੀ, ਹਿੰਦੀ ਅਤੇ ਬੰਗਾਲੀ ਭਾਸ਼ਾਵਾਂ ਵੀ ਗ੍ਰਹਿਣ ਕੀਤੀਆਂ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦਾ ਪੜ੍ਹਾਕੂ ਨਹੀਂ ਸੀ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। 1923 ਵਿੱਚ ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਿਆ ਜਿੱਥੇ ਉਹ ਨਾਟ-ਕਲਾ ਸੋਸਾਇਟੀ ਵਰਗੀਆਂ ਬਾਹਰਲੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗਾ। 1923 ਵਿੱਚ ਉਸ ਨੇ ਪੰਜਾਬ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਨਿਬੰਧ ਮੁਕਾਬਲਾ ਜਿੱਤਿਆ, ਜਿਸ ਵਿੱਚ ਉਸ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਿਆ ਸੀ।
ਘਰਦਿਆਂ ਵਲੋਂ ਵਿਆਹ ਲਈ ਜ਼ੋਰ ਪਾਉਣ ‘ਤੇ ਸਰਦਾਰ ਭਗਤ ਸਿੰਘ ਨੇ ਘਰ ਛੱਡ ਦਿੱਤਾ। ਅਸਲ ‘ਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਵਾਉਣਾ ਚਾਹੁੰਦੇ ਸਨ। ਘਰ ਛੱਡਣ ਸਮੇਂ ਉਹਨਾਂ ਨੇ ਇੱਕ ਚਿੱਠੀ ‘ਚ ਲਿਖਿਆ ਸੀ ਕਿ, “ਮੇਰੇ ਜੀਵਨ ਦਾ ਸਭ ਤੋਂ ਉੱਤਮ ਕਾਰਨ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਹੋਣਾ ਹੈ। ਇਸ ਲਈ ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ।” ਘਰ ਛੱਡਣ ਤੋਂ ਬਾਅਦ ਭਗਤ ਸਿੰਘ ਕਾਨਪੁਰ ਚਲੇ ਗਏ। ਕਾਨਪੁਰ ‘ਚ ਸਰਦਾਰ ਭਗਤ ਸਿੰਘ ਨੇ ਆਪਣਾ ਨਾਂ ਬਲਵੰਤ ਸਿੰਘ ਰੱਖ ਕੇ ਕੁਝ ਦੇਰ ਪ੍ਰਤਾਪ ਪ੍ਰੈੱਸ ‘ਚ ਕੰਮ ਕੀਤਾ।
1919 ਵਿੱਚ ਭਗਤ ਸਿੰਘ ਨੇ ਜਲਿ੍ਹਆਂਵਾਲੇ ਬਾਗ, ਅੰਮ੍ਰਿਤਸਰ ਦਾ ਦੌਰਾ ਕੀਤਾ। ਜਿੱਥੇ ਇੱਕ ਜਨ ਸਭਾ ਵਿੱਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਇਸ ਖੂਨੀ ਸਾਕੇ ਦਾ ਸਰਦਾਰ ਭਗਤ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਅਸਰ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲਿ੍ਹਆਂਵਾਲੇ ਬਾਗ ਅੰਮ੍ਰਿਤਸਰ ਗਏ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ । ਇਸ ਘਟਨਾ ਨੇ ਉਨ੍ਹਾਂ ਦੇ ਮਨ ‘ਚ ਅੰਗਰੇਜ਼ਾਂ ਦੇ ਪ੍ਰਤੀ ਨਫ਼ਰਤ ਭਰ ਦਿੱਤੀ।
13 ਮਾਰਚ 1926 ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਹ ਇਨਕਲਾਬੀ ਗਤੀਵਿਧੀਆਂ ਲਈ ਇਕ ਖੁੱਲ੍ਹਾ ਮੰਚ ਸੀ। ਇਸ ਸਭਾ ‘ਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ। 1927 ‘ਚ ਕਾਕੋਰੀ ਕਾਂਡ ਰੇਲ ਗੱਡੀ ਦੇ ਸੰਬੰਧ ‘ਚ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲਾਹੌਰ ‘ਚ ਦੁਸਹਿਰੇ ਮੌਕੇ ਹੋਏ ਬੰਬ ਧਮਾਕੇ ਦਾ ਵੀ ਦੋਸ਼ ਉਨ੍ਹਾਂ ਦੇ ਸਿਰ ‘ਤੇ ਮੜ੍ਹ ਦਿੱਤਾ ਗਿਆ। 60 ਹਜ਼ਾਰ ਰੁਪਏ ਜ਼ਮਾਨਤ ਅਤੇ ਚੰਗੇ ਚਾਲ-ਚਲਣ ਕਾਰਨ ਭਗਤ ਸਿੰਘ ਨੂੰ ਪੰਜ ਹਫ਼ਤਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ। ਸਰਦਾਰ ਭਗਤ ਸਿੰਘ ਜਿੱਥੇ ਇਕ ਸਿਰਕੱਢ ਕ੍ਰਾਂਤੀਕਾਰੀ ਸਨ ਉੱਥੇ ਉੱਘੇ ਵਿਦਵਾਨ ਵੀ ਸਨ। ਉਨ੍ਹਾਂ ਨੇ ਇੰਨੀ ਛੋਟੀ ਉਮਰ ‘ਚ ਬਹੁਤ ਵੱਡੀਆਂ ਪੁਲਾਘਾਂ ਭਰੀਆ। ਸਰਦਾਰ ਭਗਤ ਸਿੰਘ ਨੇ ਵਿਦੇਸ਼ੀ ਅਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ‘ਚ ਅਨੁਵਾਦ ਕਰਨ ਦੇ ਨਾਲ-ਨਾਲ ਖੁਦ ਵੀ ਕਿਤਾਬਾਂ ਅਤੇ ਪਰਚੇ ਲਿਖੇ। ਉਨ੍ਹਾਂ ਨੇ ਅਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦੇ ਉਰਦੂ ਅਤੇ ਪੰਜਾਬੀ ਅਖ਼ਬਾਰਾਂ ਲਈ ਲਿਖਿਆ ਅਤੇ ਸੰਪਾਦਨਾ ਕੀਤੀ। ਉਹਨਾਂ ਨੇ ਨੌਜਵਾਨ ਭਾਰਤ ਸਭਾ ਦੁਆਰਾ ਛਾਪੇ ਘੱਟ ਕੀਮਤ ਵਾਲੇ ਪਰਚਿਆਂ ਵਿੱਚ ਵੀ ਆਪਣਾ ਯੋਗਦਾਨ ਪਾਇਆ। ਉਹਨਾਂ ਨੇ ਕਿਰਤੀ ਕਿਸਾਨ ਪਾਰਟੀ ਦੇ ਰਸਾਲੇ ‘ਕਿਰਤੀ’ ਅਤੇ ਦਿੱਲੀ ਤੋਂ ਪ੍ਰਕਾਸ਼ਿਤ ‘ਵੀਰ ਅਰਜੁਨ’ ਅਖਬਾਰ ਲਈ ਵੀ ਲਿਖਿਆ।
ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ ‘ਚ ਨਹੀਂ ਸਨ। ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਲਈ ਬਿੱਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੈਂਬਲੀ ‘ਚ ਨਕਲੀ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਦਾ ਵਿਰੋਧ ਕਰਨਾ ਚਾਹਿਆ। ਇਸ ਲਈ ਸਰਦਾਰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ ‘ਚ ਖਾਲੀ ਥਾਂ ‘ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। ਸਾਰਾ ਹਾਲ ਧੂੰਏਂ ਨਾਲ ਭਰ ਗਿਆ। ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ, ਪਰ ਉਨ੍ਹਾਂ ਨੇ ਆਪਣੀ ਇੱਛਾ ਨਾਲ ਪੁਲਸ ਨੂੰ ਗ੍ਰਿਫਤਾਰੀ ਦਿੱਤੀ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ, ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣਾ ਸੀ। ਇਨਕਬਾਲ ਜ਼ਿੰਦਾਬਾਦ ਦਾ ਨਾਅਰਾ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਅਰਾ ਬਣ ਗਿਆ।
1928 ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ। ਕੁਝ ਭਾਰਤੀ ਸਿਆਸੀ ਪਾਰਟੀਆਂ ਨੇ ਕਮਿਸ਼ਨ ਦਾ ਬਾਈਕਾਟ ਕੀਤਾ ਕਿਉਂਕਿ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ। ਜਦੋਂ ਇਹ ਕਮਿਸ਼ਨ 30 ਅਕਤੂਬਰ 1928 ਨੂੰ ਲਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ‘ਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਭੀੜ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਭੀੜ ਹਿੰਸਕ ਹੋ ਗਈ। ਇਸ ਵਿਰੋਧ ਵਿੱਚ ਭਾਗ ਲੈਣ ਵਾਲਿਆਂ ‘ਤੇ ਅੰਗਰੇਜ਼ ਸੁਪਰਡੈਂਟ ਅਫ਼ਸਰ ਸਕਾਟ ਨੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਭਗਤ ਸਿੰਘ ਐੱਚ.ਐਸ.ਆਰ.ਏ. ਦਾ ਇੱਕ ਪ੍ਰਮੁਖ ਮੈਂਬਰ ਸੀ। ਐੱਚ.ਐਸ.ਆਰ.ਏ. ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਭਗਤ ਸਿੰਘ ਨੇ ਸਕਾਟ ਨੂੰ ਮਾਰਨ ਲਈ ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਜੋਹਨ ਪੀ. ਸਾਂਡਰਸ ਜੋ ਸਹਾਇਕ ਪੁਲਿਸ ਅਧਿਕਾਰੀ ਸੀ, ਨੂੰ ਗੋਲੀ ਮਾਰ ਦਿੱਤੀ ਅਤੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ। 24 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਗਿਆ, ਪਰ ਲੋਕਾਂ ਦੀ ਭੀੜ 23 ਮਾਰਚ ਸਵੇਰ ਤੋਂ ਹੀ ਜੇਲ ਦੇ ਗੇਟ ਦੇ ਬਾਹਰ ਇਕੱਠੀ ਹੋਣ ਲੱਗੀ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇਕ ਕੋਝੀ ਚਾਲ ਚਲਦਿਆਂ 23 ਮਾਰਚ ਸ਼ਾਮ 7:30 ਵਜੇ ਹੀ ਲਾਹੌਰ ਜੇਲ੍ਹ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ। ਜਦੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਤੱਖਤੇ ਤੱਕ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਭਗਤ ਸਿੰਘ ਨੇ ਕਿਹਾ ਰੁਕੋ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਏ। ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ, ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ। ਫ਼ਾਂਸੀ ਤੇ ਜਾਂਦੇ ਸਮੇਂ ਉਹ ਤਿੰਨੋਂ ਗਾ ਰਹੇ ਸਨ –
‘ਦਿਲੋਂ ਨਿੱਕਲੇਗੀ ਨਹੀਂ ਮਰ ਕੇ ਵੀ ਵਤਨ ਦੀ ਉਲਫ਼ਤ
ਮੇਰੀ ਮਿੱਟੀ ਤੋਂ ਵੀ ਖੁਸ਼ਬੂ ਏ ਵਤਨ ਆਏਗੀ ।‘
ਭਗਤ ਸਿੰਘ ਦਰਅਸਲ ਸੱਚਾ ਦੇਸ਼ ਭਗਤ ਸੀ। ਉਸ ਨੇ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਬਲਕਿ ਇਸ ਘਟਨਾ ਵਿਚ ਆਪਣੀ ਜਾਨ ਦੀ ਵੀ ਕੋਈ ਪਰਵਾਹ ਨਾ ਕੀਤੀ। ਉਹ ਕਹਿੰਦੇ ਸਨ-
“ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ।“
ਉਸ ਦੀ ਮੌਤ ਨੇ ਪੂਰੇ ਦੇਸ਼ ‘ਚ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਉੱਚਾ ਕੀਤਾ। ਅੱਜ ਵੀ ਸ਼ਹੀਦ ਭਗਤ ਸਿੰਘ ਸਾਡੇ ਦਿਲਾਂ ਵਿੱਚ ਜੀਉਂਦਾ ਹੈ।
-ਵਰਸ਼ਾ ਵਰਮਾ
(ਪਟਿਆਲਾ)