ਇੱਕ ਰੁੱਖ ਸੌ ਸੁੱਖ
ਕਾਰਖਾਨਿਆਂ ਦੇ ਧੂੰਏਂ ਨਾਲ ਹੁੰਦਾ ਪ੍ਰਦੂਸ਼ਣ,
ਜੰਗਲ ਕੱਟਦੇ ਜੋ ਹਨ ਧਰਤੀ ਦਾ ਆਭੂਸ਼ਣ।
ਆਓ ਜੰਗਲਾਂ ਨੂੰ ਕਟਾਈ ਤੋਂ ਬਚਾਈਏ,
ਮਨੁੱਖੀ ਜੀਵਨ ਨੂੰ ਖੁਸ਼ਹਾਲ ਬਣਾਈਏ।
ਸਾਡੀ ਇਸ ਪਿਆਰੀ ਧਰਤੀ ਨੂੰ ਬਰਕਤਾਂ ਦਾ ਭੰਡਾਰ ਕਿਹਾ ਜਾਂਦਾ ਹੈ। ਅੱਜ ਇਸ ਦੀਆਂ ਬਰਕਤਾਂ ਹੀ ਇਸ ਤੋਂ ਪੁੱਛ ਰਹੀਆਂ ਹਨ:
ਗੰਗਾ ਗੰਦੀ ਕਿਉਂ ਹੋਈ ,
ਕਿਉਂ ਦੁਸ਼ਿਤ ਹੋਇਆ ਇਹ ਵਾਤਾਵਰਨ।
ਕਿਉਂ ਅੱਗ ਲਾਈ ਤੇਲ ਨੂੰ,
ਕਿਉਂ ਖੂਨੀ ਇਹ ਧਰਤੀ ਹੋਈ।
ਅੱਜ ਦੇ ਵਿਗਿਆਨਕ ਯੁਗ ਨੇ ਜਿੱਥੇ ਸਾਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਹਨ, ਉੱਥੇ ਹੀ ਸਾਡੇ ਅੱਗੇ ਇੱਕ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ, ਉਹ ਹੈ – ਪ੍ਰਦੂਸ਼ਣ ਦੀ ਸਮੱਸਿਆ। ਹਵਾ, ਪਾਣੀ, ਧਰਤੀ ਤੇ ਬਨਸਪਤੀ ਸਾਡੀ ਹੋਂਦ ਨੂੰ ਸੁਖਾਲਾ ਬਣਾਉਣ ਵਿੱਚ ਸਹਾਈ ਹਨ। ਸਾਨੂੰ ਸੁਖੀ ਜੀਵਨ ਦਿੰਦੇ ਹਨ, ਪਰ ਸਾਡੀਆਂ ਹੀ ਅਣਗਹਿਲੀਆਂ ਅਤੇ ਗਲਤੀਆਂ ਕਾਰਨ ਇਹ ਸਾਡੇ ਅੱਗੇ ਖਤਰੇ ਦੀ ਘੰਟੀ ਵਜਾ ਰਹੇ ਹਨ। ਵੱਧ ਰਹੀ ਆਬਾਦੀ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਹਨਾਂ ਕਾਰਨਾਂ ਕਰਕੇ ਹੀ ਪ੍ਰਦੁਸ਼ਣ ਵਿਚ ਵਾਧਾ ਹੋਇਆ ਹੈ। ਪਰ ਜੇ ਵੇਖਿਆ ਜਾਵੇ, ਜਿਹੜੀ ਸਮੱਸਿਆ ਨਾਲ ਅਸੀਂ ਹੁਣ ਜੂਝ ਰਹੇ ਹਾਂ, ਜਿਸਨੇ ਸਾਡਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ ਤੇ ਜਿਸ ਦੇ ਕਰਕੇ ਸਾਡੀ ਧਰਤੀ ਤਪ ਰਹੀ ਹੈ, ਉਹ ਹੈ – ਰੁੱਖਾਂ ਨੂੰ ਵੱਢਣ ਦੀ ਸਮੱਸਿਆ। ਅਸੀਂ ਰੁੱਖ ਵੱਢ ਤਾਂ ਬਹੁਤ ਤੇਜ਼ੀ ਦੇ ਨਾਲ ਰਹੇ ਹਾਂ ਪਰ ਰੁੱਖ ਲਗਾ ਨਹੀਂ ਰਹੇ। ਇਸੇ ਕਰਕੇ ਹੀ ਸਾਡੇ ਅੱਗੇ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਹੈ ਜਿਸ ਦਾ ਨਾਮ ਹੈ – ਗਲੋਬਲ ਵਾਰਮਿੰਗ।
ਗਲੋਬਲ ਵਾਰਮਿੰਗ ਨਾਂ ਦੀ ਇਸ ਵੱਡੀ ਸਮੱਸਿਆ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਵੱਧ ਤੋਂ ਵੱਧ ਰੁੱਖ ਲਾ ਕੇ ਧਰਤੀ ਨੂੰ ਠੰਡਾ ਕੀਤਾ ਜਾਵੇ। ਰੁੱਖ ਸਾਡੀ ਧਰਤੀ ਦਾ ਸ਼ਿੰਗਾਰ ਹਨ। ਤਾਂ ਹੀ ਤਾਂ ਕਿਸੇ ਨੇ ਕਿੰਨਾ ਸੋਹਣਾ ਕਿਹਾ ਹੈ ਕਿ –
ਰੁੱਖ ਪੁੱਤਰਾਂ ਤੋਂ ਪਿਆਰੇ ਨੇ,
ਇਹਨਾਂ ਦੇ ਨਾਲ ਲੱਗਦੇ, ਸੋਹਣੇ ਘਰ ਤੇ ਚੁਬਾਰੇ ਨੇ।
ਜਿੱਥੇ ਦੇਸ਼ ਦੀਆਂ ਸਰਕਾਰਾਂ ਦੁਆਰਾ ਧਰਤੀ ਨੂੰ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਪੰਜਾਬ ਸਿੱਖਿਆ ਵਿਭਾਗ ਦੁਆਰਾ ਵੀ ‘ਟ੍ਰੀ ਪਲਾਂਟੇਸ਼ਨ’ ਸਕੀਮ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਵੱਖ-ਵੱਖ ਸਕੂਲਾਂ ਨੂੰ ਆਪੋ ਆਪਣੇ ਸਕੂਲ ਅਤੇ ਸਕੂਲ ਦੇ ਆਲੇ ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਸਕੂਲਾਂ ਨੂੰ ਆਪਣੇ ਆਲੇ ਦੁਆਲੇ “ਮਿਆਂਵਾਕੀ ਫੋਰੈਸਟ “ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਮਿਆਂਵਾਕੀ ਫੋਰੈਸਟ ਦਾ ਮਤਲਬ ਹੈ – ਦੇਸੀ ਪੌਦੇ ਲਗਾ ਕੇ ਘਣੇ ਜੰਗਲ ਬਣਾਉਣਾ। ਇਸਦਾ ਮਤਲਬ ਹੈ ਕਿ ਸਿਰਫ ਪੌਦੇ ਲਗਾਉਣੇ ਹੀ ਨਹੀਂ ਬਲਕਿ ਉਹਨਾਂ ਦੀ ਦੇਖਭਾਲ ਵੀ ਕਰਨੀ ਹੈ। ਜਿਹੜੇ ਸਕੂਲ ਦੇ ਆਲੇ ਦੁਆਲੇ ਅਤੇ ਸਕੂਲ ਵਿੱਚ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲੱਗੇ ਹੋਣਗੇ, ਉਸ ਨੂੰ ਗਰੀਨ ਸਕੂਲ ਦੇ ਨਾਂ ਨਾਲ ਨਵਾਜਿਆ ਜਾਵੇਗਾ। ਇਹ ਸਾਡੇ ਸਿਖਿਆ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ। ਆਓ ਆਪਾਂ ਸਾਰੇ ਵੀ ਸਾਡੀ ਧਰਤੀ ਮਾਂ ਨੂੰ ਰੁੱਖਾਂ ਨਾਲ ਸ਼ਿੰਗਾਰੀਏ। ਕਿਉਂਕਿ.…
ਰੁੱਖ ਤਾਂ ਹੁੰਦੇ ਨੇ ਗਹਿਣਾ ਧਰਤੀ ਦਾ,
ਸੋਚੋ…ਜੇ ਰੁੱਖ ਹੀ ਨਾ ਰਹੇ
ਤਾਂ ਕੀ ਰਹਿਣਾ ਧਰਤੀ ਦਾ।।
ਲੇਖਕ – ਪਾਇਲ
(ਹਿੰਦੀ ਅਧਿਆਪਕਾ)
ਸਰਕਾਰੀ ਮਿਡਲ ਸਕੂਲ, ਖੁੱਡਾ।
